ਆਸਟ੍ਰੇਲੀਆ 'ਚ ਕਤਲ ਹੋਏ ਪੰਜਾਬੀ ਨੌਜਵਾਨ ਰਣਜੋਧ ਸਿੰਘ ਦੇ ਕਤਲ ਦੇ ਸੰਬੰਧ 'ਚ ੩ ਪੰਜਾਬੀਆਂ ਦੀ ਗ੍ਰਿਫਤਾਰੀ

 ਹਮਲਾ ਨਸਲੀ ਨਹੀਂ ਸਗੋਂ ਆਪਣਿਆਂ ਵਲੋਂ ਹੀ ਕੀਤਾ ਗਿਆ ਸੀ

ਮੈਲਬੌਰਨ:੩੦,ਜਨਵਰੀ (ਬਲਜੀਤ ਖੇਲਾ) -ਪਛਲੇ ਦਿਨੀਂ ਪੰਜਾਬ ਦੇ ਸ਼ਹਿਰ ਨਾਭਾ ਤੋਂ ਆਸਟ੍ਰੇਲੀਆ ਆਏ ਨੌਜਵਾਨ ਰਣਜੋਧ ਸਿੰਘ ਦੇ ਕਤਲ ਦੇ ਸੰਬੰਧ 'ਚ ੩ ਪੰਜਾਬੀਆਂ ਨੂੰ ਆਸਟ੍ਰੇਲੀਆ ਦੀ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।ਬੀਤੇ ਦਿਨੀਂ ਰਣਜੋਧ ਸਿੰਘ ਦੀ ਲਾਸ਼ ਗਲੀ ਸੜ੍ਹੀ ਹਾਲਤ ਪੰਜਾਬੀ ਕਿਸਾਨਾਂ ਦੇ ਭਰਮਾਰ ਵਾਲੇ ਇਲਾਕੇ ਚੋਂ ਮਿਲਣ ਤੋਂ ਬਾਅਦ ਪੁਲਿਸ ਨੇ ਇਸ ਕਤਲ ਦੇ ਸੰਬੰਧ 'ਚ ਸਿਡਨੀ ਤੋਂ ਪੰਜਾਬੀ ਪਤੀ ਪਤਨੀ ਗੁਰਪ੍ਰੀਤ ਸਿੰਘ ੨੩ ਸਾਲ ਤੇ ਹਰਪ੍ਰੀਤ ਕੌਰ ੨੦ ਸਾਲ ਨੂੰ ਗ੍ਰਿਫਤਾਰ ਕਰ ਲਿਆ ਸੀ ਜਿਹਨਾਂ ਨੂੰ ਅਦਾਲਤ ਵਲੋਂ ਜਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।ਬੀਤੀ ਰਾਤ ਪੁਲਿਸ ਨੇ ਇਸ ਕਤਲ ਦੇ ਸੰਬੰਧ 'ਚ ਦੱਖਣੀ ਨਿਊ ਸਾਊਥ ਵੇਲਜ ਤੋਂ ੨੫ ਸਾਲਾ ਪੰਜਾਬੀ ਨੌਜਵਾਨ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਸਫਲਤਾ ਪ੍ਰਾਪਤ ਕੀਤੀ ਹੈ।ਰਣਜੋਧ ਸਿੰਘ ਦੇ ਕਤਲ ਦੇ ਕਾਰਨਾਂ ਦਾ ਪੁਲਿਸ ਵਲੋਂ ਜਾਂਚ ਪੜਤਾਲ ਕਰਨ ਤੋਂ ਬਾਅਦ ਖੁਲਾਸਾ ਕੀਤਾ ਜਾਵੇਗਾ।ਰਣਜੋਧ ਨੂੰ ਕਤਲ ਕਰਨ 'ਚ ਪੰਜਾਬੀਆਂ ਦਾ ਹੀ ਹੱਥ ਹੋਣ ਨੇ ਜਿੱਥੇ ਭਾਰਤੀ ਮੀਡੀਆ ਵਲੋਂ ਆਏ ਦਿਨ ਆਸਟ੍ਰੇਲੀਆ ਨੂੰ ਨਸਲਵਾਦੀ ਮੁਲਕ ਗਰਦਾਨਣ ਵਾਲੀਆਂ ਖਬਰਾਂ ਤੇ ਸਵਾਲੀਆ ਚਿੰਨ੍ਹ ਲਗਾ ਦਿੱਤਾ ਹੈ ਓਥੇ ਹੀ "ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ" ਸਮੇਤ ਅਨੇਕਾਂ ਹੀ ਭਾਰਤੀ ਸੰਸਥਾਵਾਂ ਵਲੋਂ ਭਾਰਤੀ ਮੀਡੀਆ ਨੂੰ ਇਕਪਾਸੜ ਰਿਪੋਰਟਾਂ ਪ੍ਰਕਾਸ਼ਿਤ ਕਰਨ ਤੋਂ ਗੁਰੇਜ ਕਰਨ ਦੀ ਜੋਰਦਾਰ ਬੇਨਤੀ ਕੀਤੀ ਗਈ ਤਾਂ ਕਿ ਭਾਰਤ ਤੇ ਆਸਟ੍ਰੇਲੀਆ ਦੇ ਆਪਸੀ ਸੰਬੰਧ ਖਰਾਬ ਨਾ ਹੋਣ ਤੇ ਆਸਟ੍ਰੇਲੀਆ ਵਸਦੇ ਭਾਰਤੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।