|
ਰਿਜ਼ਰਵ ਬੈਂਕ ਵੱਲੋਂ ਕੁੰਜੀਵਤ ਵਿਆਜ ਦਰਾਂ ਚ ਕੋਈ ਤਬਦੀਲੀ ਨਹੀਂ |
|
ਮੁੰਬਈ:28,ਜੁਲਾਈ(ਏਜੰਸੀਆਂ)-ਆਲਮੀ ਵਿੱਤੀ ਮੰਦੀ ਚ ਸੁਧਾਰ ਦੀ ਆਸ ਅਤੇ ਵਧ ਰਹੇ ਵਿੱਤੀ ਘਾਟੇ ਦੀ ਵੰਗਾਰ ਦੇ ਦਰਮਿਆਨ ਰਿਜ਼ਰਵ ਬੈਂਕ ਨੇ ਕੁੰਜੀਵਤ ਵਿਆਜ ਦਰਾਂ ਚ ਕੋਈ ਵੀ ਤਬਦੀਲੀ ਨਾ ਕਰਨ ਦਾ ਫ਼ੈਸਲਾ ਲਿਆ ਹੈ। ਆਪਣੀ ਮੁਦਰਾ ਨੀਤੀ ਦੀ ਤਿਮਾਹੀ ਸਮੀਖਿਆ ਚ ਕੇਂਦਰ ਸਰਕਾਰ ਨੇ ਰੈਪੋ ਤੇ ਰਿਵਰਸ ਰੈਪੋ ਦਰਾਂ ਨੂੰ ਪਹਿਲਾਂ ਦੀ ਦਰ ਤੇ ਰੱਖਿਆ ਹੈ। ਇਸ ਤੋਂ ਇਲਾਵਾ ਆਰ ਬੀ ਆਈ ਨੇ ਚਾਲੂ ਵਿੱਤੀ ਸਾਲ ਦੌਰਾਨ ਵਿਕਾਸ ਦਰ 6 ਫ਼ੀਸਦੀ ਰਹਿਣ ਦਾ ਅੰਦਾਜ਼ਾ ਵੀ ਲਗਾਇਆ ਹੈ। ਰਿਜ਼ਰਵ ਬੈਂਕ ਵੱਲੋਂ ਵਿਆਜ ਦਰਾਂ ਚ ਕੋਈ ਤਬਦੀਲੀ ਨਾ ਕਰਨ ਦਾ ਜਿੱਥੇ ਬੈਂਕਾਂ ਤੇ ਪ੍ਰਾਪਰਟੀ ਬਜ਼ਾਰ ਵਾਲਿਆਂ ਨੇ ਸਵਾਗਤ ਕੀਤਾ ਹੈ, ਉਥੇ ਵਿੱਤੀ ਘਾਟੇ ਦਾ ਕਾਇਮ ਰਹਿਣਾ ਦੇਸ਼ ਲਈ ਵੰਗਾਰ ਬਣਿਆ ਹੋਇਆ ਹੈ। ਤਿਮਾਹੀ ਸਮੀਖਿਆ ਮੁਤਾਬਕ ਅਨਾਜ ਸਟਾਕ ਚ ਵਾਧਾ, ਉਦਯੋਗਿਕ ਉਤਪਾਦਨ ਚ ਹਾਂ ਪੱਖੀ ਸੁਧਾਰ ਤੇ ਵਪਾਰੀਆਂ ਚ ਆਸਾਵਾਦੀ ਰੁਖ ਵੇਖਣ ਨੂੰ ਮਿਲਿਆ ਹੈ। ਇਸ ਦੇ ਨਾਲ ਹੀ ਕੁਝ ਨਾਂਹ ਪੱਖੀ ਸੰਕੇਤ ਵੀ ਸਾਹਮਣੇ ਆਏ ਹਨ।
ਜਿਵੇਂ ਕਿ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਚ ਵਾਧਾ ਤੇ ਮਾਨਸੂਨ ਦਾ ਦੇਰ ਨਾਲ ਆਉਣਾ ਤੇ ਕਮਜ਼ੋਰ ਹੋਣਾ ਵੀ ਪ੍ਰਮੁੱਖ ਹਨ। ਆਰ ਬੀ ਆਈ ਮੁਤਾਬਕ ਸਾਲ 2010 ਤੱਕ ਮਹਿੰਗਾਈ ਦੀ ਦਰ 5 ਫ਼ੀਸਦੀ ਦੇ ਕਰੀਬ ਹੋਵੇਗੀ। ਰਿਜ਼ਰਵ ਬੈਂਕ ਵੱਲੋਂ ਆਮ ਬੈਂਕਾਂ ਨੂੰ 6 ਫ਼ੀਸਦੀ ਦੀ ਦਰ ਤੇ ਰਕਮ ਦਿੱਤੀ ਜਾਵੇਗੀ, ਜਦੋਂ ਕਿ ਰੈਪੋ (ਉਹ ਦਰ ਜਿਸ ਤੇ ਰਿਜ਼ਰਵ ਬੈਂਕ ਵਪਾਰਕ ਬੈਂਕਾਂ ਨੂੰ ਕਰਜ਼ ਦਿੰਦਾ ਹੈ) ਤੇ ਰਿਵਰਸ ਰੈਪੋ ਦਰ (ਉਹ ਦਰ ਜਿਸ ੱਤੇ ਰਿਜ਼ਰਵ ਬੈਂਕ ਵਪਾਰਕ ਬੈਂਕਾਂ ਤੋਂ ਕਰਜ਼ ਲੈਂਦਾ ਹੈ) ਨੂੰ 4.75 ਤੇ 3.25 ਫ਼ੀਸਦੀ ਕ੍ਰਮਵਾਰ ਰੱਖਿਆ ਗਿਆ ਹੈ। ਇਸੇ ਤਰ੍ਹਾਂ ਨਕਦ ਰਾਖਵਾਂ ਅਨੁਪਾਤ ਜਿਸ ਨੂੰ ਸੀ ਆਰ ਆਰ ਵੀ ਕਿਹਾ ਜਾਂਦਾ ਹੈ, ਦੀ ਦਰ 5 ਫ਼ੀਸਦੀ ਹੀ ਰੱਖੀ ਗਈ ਹੈ। ਜ਼ਿਕਰਯੋਗ ਹੈ ਕਿ ਵਪਾਰਕ ਬੈਂਕ ਇਕੱਤਰ ਰਾਸ਼ੀ ਦਾ ਜੋ ਹਿੱਸਾ ਰਿਜ਼ਰਵ ਬੈਂਕ ਕੋਲ ਰਾਖਵਾਂ ਰੱਖਦੇ ਹਨ, ਉਸ ਨੂੰ ਸੀ ਆਰ ਆਰ ਕਿਹਾ ਜਾਂਦਾ ਹੈ। ਆਰ ਬੀ ਆਈ ਦੀ ਇਸ ਨੀਤੀ ਨਾਲ ਸਪੱਸ਼ਟ ਹੋ ਗਿਆ ਹੈ ਕਿ ਹੁਣ ਸਸਤਾ ਕਰਜ਼ ਅਸਾਨੀ ਨਾਲ ਨਹੀਂ ਮਿਲੇਗਾ। ਦੂਜੇ ਸ਼ਬਦਾਂ ਚ ਕਿਹਾ ਜਾਵੇ ਤਾਂ ਜੇਕਰ ਅਰਥ ਵਿਵਸਥਾ ਚ ਇਸੇ ਤਰ੍ਹਾਂ ਬਦਲਾਅ ਹੁੰਦਾ ਰਿਹਾ ਤਾਂ ਆਰ ਬੀ ਆਈ ਕਰਜ਼ ਮਹਿੰਗਾ ਕਰਨ ਬਾਰੇ ਵੀ ਸੋਚ ਸਕਦਾ ਹੈ।
|