|
ਸਾਲ ੨੦੧੦ ਦਾ "ਰੂਹਾਨੀ" ਸਵਾਗਤ - ਹਰਬੀਰ ਸਿੰਘ ਭੰਵਰ |
|
|
ਵਿਸ਼ਵ ਭਰ ਦੇ ਲੋਕ ਨਵੇਂ ਸਾਲ ਦਾ ਸਵਾਗਤ ਨੱਚ ਟੱਪ ਕੇ, ਗੀਤ ਗਾ ਕੇ ਤੇ ਸ਼ਰਾਬ ਦੇ ਜਾਮ ਟਕਰਾ ਕੇ ਅਤੇ ਖੁਸ਼ੀਆਂ ਭਰੇ ਜਸ਼ਨ ਮਨਾ ਕੇ ਕਰਦੇ ਹਨ।ਸਿੱਖਾਂ ਦਾ ਨਵਾਂ ਸਾਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਪਹਿਲੀ ਚੇਤ (੧੪ ਮਾਰਚ) ਨੂੰ ਸ਼ੁਰੂ ਹੁੰਦਾ ਹੈ , ਪਰ ਸਿੱਖਾਂ ਨੂੰ ਹਰ ਨਵੇਂ ਈਸਵੀ ਸਾਲ ਦਾ ਹੋਰਨਾ ਲੋਕਾਂ ਵਾਂਗ ਸਵਾਗਤ ਕਰਨ ਦੀ ਮਨਾਹੀ ਨਹੀਂ ਹੈ ਅਤੇ ਬਹੁਤੇ ਸਿੱਖ ੩੧ ਦਸੰਬਰ ਰਾਤ ਨੂੰ ਕਲੱਬਾਂ, ਹੋਟਲਾਂ ਤੇ ਹੋਰ ਜਨਤਕ ਥਾਵਾਂ ਤੇ ਜਾ ਕੇ ਜਸਨ ਮਨਾ ਕੇ ਨਵੇਂ ਸਾਲ ਦਾ ਸਵਾਗਤ ਕਰਦੇ ਹਨ।
ਕੈਨੇਡਾ ਤੋਂ ਛਪਣ ਵਾਲੇ ਅਖ਼ਬਾਰ 'ਵੈਨਕੂਵਰ ਅਬਜ਼ੱਰਵਰ' ਅਨੁਸਾਰ ਸਿੱਖਾਂ ਦੀ ਸੰਘਣੀ ਆਬਾਦੀ ਵਾਲੇ ਸ਼ਹਿਰ ਸਰੀ ਵਿਖੇ ਇਕ ਗੁਰਦੁਆਰੇ ਵਿਚ ਸਿੱਖ ਸੰਗਤਾਂ ਨੇ ਨਵੇਂ ਸਾਲ ੨੦੧੦ ਦਾ "ਰੂਹਾਨੀ ਸਵਾਗਤ" ਕੀਤਾ। ਅਖ਼ਬਾਰ ਅਨੁਸਾਰ ੩੧ ਦਸੰਬਰ ਦੀ ਰਾਤ ਨੂੰ ਸ਼ਬਦ ਕੀਰਤਨ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜੋ ੨੦੧੦ ਦੀ ਪਹਿਲੀ ਜਨਵਰੀ ਦੇ ਅੰਮ੍ਰਿਤ ਵੇਲੇ ਤਕ ਜਾਰੀ ਰਿਹਾ।ਇਸ ਸਬਦ ਕੀਰਤਨ ਨੂੰ ਸਰਵਣ ਕਰਨ ਲਈ ਹਰ ਉਮਰ- ਬਜ਼ੁਰਗ, ਨੌਜਵਾਨ ਤੇ ਬੱਚੇ- ਸਾਮਿਲ ਸਨ।ਅਖ਼ਬਾਰ ਨੇ ਇਸ ਸਮਾਗਮ ਦੀਆਂ ਕਈ ਤਸਵੀਰਾਂ ਵੀ ਛਾਪੀਆਂ ਹਨ।
ਵੈਨਕੂਵਰ ਰਹਿੰਦੇ ਆਪਣੇ ਭਾਣਜੇ ਦੇਵਿੰਦਰ ਸਿੰਘ ਮੋਗਾ, ਜੋ ਕਈ ਸਾਲ ਪਹਿਲਾਂ ਇਕ ਗੁਰਦੁਆਰੇ ਦਾ ਅਹੁਦੇਦਾਰ ਰਿਹਾ, ਨੂੰ ਫੋਨ ਕਰਨ ਤੇ ਪਤਾ ਲਗਾ ਕਿ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਤੇ ਅਮਰੀਕਾ ਵਿਚ ਬਹੁਤੇ ਗੁਰਦਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਨਵੇਂ ਸਾਲ ਦੀ ਆਮਦ 'ਤੇ ਸ਼ਬਦ ਕੀਰਤਨ ਦਾ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿਚ ਸੰਗਤਾਂ ਦੀ ਭਰਪੂਰ ਸ਼ਮੂਲੀਅਤ ਹੁਦੀ ਹੈ।ਇਸ ਵਾਰੀ ਇਥੇ ਲੁਧਿਆਣਾ ਵਿਖੇ ਸਾਡੇ ਗੁਰਦੁਆਰੇ (ਭਾਈ ਰਣਧੀਰ ਸਿੰਘ ਨਗਰ) ਦੀ ਪ੍ਰਬੰਧਕ ਕਮੇਟੀ ਵਲੋਂ ਨਵੇਂ ਸਾਲ ਦਾ "ਰੂਹਾਨੀ ਸਵਾਗਤ" ਕੀਤਾ ਗਿਆ।ਪਤਾ ਲਗਾ ਕਿ ਲੁਧਿਆਣਾ ਦੇ ਅਨੇਕ ਹੋਰ ਗੁਰਦੁਆਰਿਆ ਵਿਚ ਵੀ ਅਜੇਹੇ ਸ਼ਬਦ ਕੀਰਤਨ ਦੇ ਵਿਸ਼ੇਸ਼ ਪ੍ਰੋਗਰਾਮ ਕੀਤੇ ਗਏ ਹਨ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਪ੍ਰਥਾ ੩੧ ਦਸੰਬਰ ੨੦੦੬ ਨੂੰ ਸ਼ੁਰੂ ਕੀਤੀ ਸੀ, ਇਸ ਵਾਰੀ ਤਾਂ ਇਹ ਪ੍ਰੋਗਰਾਮ ਇਕ ਟੀ.ਵੀ. ਚੈਨਲ ;ਤੇ ਸਿੱਧਾ ਟੈਲੀਕਾਸਟ ਕੀਤਾ ਗਿਆ। ਇਹ ਇਕ ਬਹੁਤ ਹੀ ਸ਼ਲਾਘਯੋਗ ਕਦਮ ਹੈ, ਇਹ ਆਮ ਸਿੱਖਾਂ ਨੂੰ ਕਲੱਬਾਂ. ਹੋਟਲਾਂ ਆਦਿ ਵਿਚ ਜਾਕੇ ਪੱਛਮੀ ਕਲਚਰ ਦੀ ਨਕਲ ਕਰਨ ਦੀ ਥਾਂ ਆਪਣੇ ਵਿਰਸੇ ਨਾਲ ਜੋੜਨ ਦਾ ਕੰਮ ਕਰੇਗਾ। ਆਸ ਹੈ ਕਿ ਅਗਲੇ ਵਰ੍ਹੇ ਤੋਂ ਸਾਰੇ ਵੱਡੇ ਗੁਰਦੁਆਰਿਆ ਦੀਆਂ ਪ੍ਰਬੰਧਕ ਕਮੇਟੀਆਂ ਨਵੇਂ ਸਾਲ ਦੇ ਆਗਮਨ ਦੇ ਮੌਕੇ ਸ਼ਬਦ ਕੀਰਤਨ ਦੇ ਅਜੇਹੇ ਵਿਸ਼ੇਸ਼ ਪ੍ਰੋਗਰਾਮਾਂ ਦਾ ਪ੍ਰਬੰਧ ਕਰਨ ਗੀਆਂ।
ਨਵੇਂ ਸਾਲ ਦੀ ਆਮਦ 'ਤੇ ਕੈਨੇਡਾ ਤੋਂ ਦੋ ਹੋਰ ਚੰਗੀਆਂ ਖ਼ਬਰਾਂ ਮਿਲੀਆਂ ਹਨ।ਨੋਵਾ ਸਕੋਸ਼ੀਆਂ ਸੂਬੇ ਦੀ ਰਾਜਧਾਨੀ ਹੈਲੀਫੈਕਸ ਵਿਖੇ ਮੈਰੀਟਾਈਮ ਸਿੱਖ ਸੋਸਾਇਟੀ ਨੇ ਆਪਣੇ ਗੁਰਦਆਰਾ ਦੀ ਪ੍ਰਬੰਧਕ ਕਮੇਟੀ ਦੀ ਸਾਲ ੨੦੧੦ ਲਈ ਚੋਣ ਸਮੇਂ ਸਾਰੇ ਅਹੁਦੇ ਬੀਬੀਆਂ ਨੇ ਜਿੱਤ ਕੇ ਪ੍ਰਬੰਧ ਸ਼ੰਭਾਲ ਲਿਆ ਹੈ। ਇਸ ਸੋਸਾਇਟੀ ਦੇ ਪ੍ਰਧਾਨ ਸ. ਜਗਪਾਲ ਸਿੰਘ ਟਿਵਾਨਾ ਅਨੁਸਾਰ ਅਜੇਹਾ ਪਹਿਲੀ ਵਾਰੀ ਨਹੀਂ ਹੋਇਆ।ਪਹਿਲੀ ਵਾਰੀ ੧੯੯੩ ਵਿਚ ਬੀਬੀ ਗੁਰਦੀਪ ਕੌਰ ਤੂਰ, ੧੯੯੪ ਵਿਚ ਬੀਬੀ ਸੁਰਜੀਤ ਕੌਰ ਸਿੱਧੂ ਅਤੇ ੧੯੯੮ ਵਿਚ ਬੀਬੀ ਗੁਰਿੰਦਰ ਕੌਰ ਢਿਲੋਂ ਪ੍ਰਧਾਨ ਚੁਣੇ ਗਏ ਸਨ। ਅਗਲੇ ਸਾਲਾਂ ਵਿਚ ਬੀਬੀਆਂ ਕਈ ਅਹੁਦੇ ਜਿੱਤਦੀਆਂ ਰਹੀਆਂ ਹਨ।ਪੰਜਾਬ ਦੇ ਨੌਜਵਾਨ ਤਾਂ ਪੱਤਿੱਤਪਨ ਤੇ ਨਸ਼ਿਆਂ ਦਾ ਸ਼ਿਕਾਰ ਹਨ, ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਸਰੀ ਦੇ ਇਕ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੀ ਚੋਣ ਨੌਜਵਾਨਾਂ ਨੇ ਜਿੱਤੀ ਹੈਮ,ਉਨ੍ਹਾਂ ਪਹਿਲੀ ਜਨਵਰੀ ਤੋਂ ਆਪਣੀ ਸੇਵਾ ਸੰਭਾਲ ਲਈ ਹੈ। ਭਾਰਤ ਵਿਚ ਗੁਰਦੁਆਰਾ ਪ੍ਰਬੰਧ ਵਿਚ ਨੌਜਵਾਨਾਂ ਤੇ ਬੀਬੀਆਂ ਦੀ ਸ਼ਮੂਲੀਅਤ ਨਾਂ-ਮਾਤਰ ਹੈ, ਕੈਨੇਡਾ ਦੇ ਉਪਰੋਕਤ ਗੁਰਦੁਆਰਿਆ ਤੋਂ ਪ੍ਰਰਨਾ ਲੈ ਕੇ ਭਾਰਤ ਵਿਸ਼ੇਸ਼ ਕਰ ਪੰਜਾਬ ਦੇ ਗੁਰਦੁਆਰਿਆਂ ਦੇ ਪ੍ਰਬੰਧ ਵਿਚ ਨੌਜਵਾਨ ਤੇ ਬੀਬੀਆਂ ਵੱਧ ਤੋਂ ਵੱਧ ਯੋਗਦਾਨ ਪਾਉਣ। ਆਮ ਸਿੱਖ ਸੰਗਤਾਂ ਨੂੰ ਇਸ ਸੇਵਾ ਲਈ ਨੌਜਵਾਨਾਂ ਤੇ ਬੀਬੀਆਂ ਨੂੰ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ।
ਸਾਲ ੨੦੧੦ ਦੀ ਆਮਦ 'ਤੇ ਇਕ ਹੋਰ ਚੰਗੀ ਖ਼ਬਰ, ਇੰਗਲੈਂਡ ਦੀ ਮਲਕਾ ਨੇ ਜਸਟਿਸ ਮੋਤਾ ਸਿੰਘ ਨੂੰ ਵਧੀਆਂ ਸੇਵਾਵਾਂ ਲਈ 'ਸਰ' ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਹੈ, ਜੋ ਸਾਰੇ ਸਿੱਖ ਜਗਤ ਲਈ ਮਾਣ ਵਾਲੀ ਗਲ ਹੈ।ਜਸਟਿਸ ਮੋਤਾ ਸਿੰਘ ਜੀ ਚੰਡੀਗੜ੍ਹ ਸਥਿਤ ਇੰਟਰਨੈਸ਼ਨਲ ਸਿੱਖ ਕਨਫੈਢਰੇਸ਼ਨ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਹਨ।
|