|
ਪੰਜਾਬੀ ਭਾਸ਼ਾ ਨੂੰ ਹਮੇਸ਼ਾ ਹੀ ਅਣਗੌਲਿਆ ਕੀਤਾ ਜਾਂਦਾ ਰਿਹਾ ਹੈ।ਪੰਜਾਬੀ ਭਾਵੇ ਕਰੋੜਾ ਲੋਕਾਂ ਦੀ ਮਾਂ-ਬੋਲੀ ਹੈ,ਦੁਨੀਆ ਭਰ ਦੀਆਂ ਪ੍ਰਮੁਖ ਭਾਸ਼ਾਵਾਂ ਵਿਚ ਇਸ ਦਾ ਤੇਰਵਾਂ ਸਥਾਨ ਹੈ ਪਰ ਇਸ ਨਾਲ ਪਿਆਰ ਕਰਨ ਵਾਲੇ, ਇਸ ਨੂੰ ਆਪਣੀ ਸਖਸ਼ੀਅਤ ਦਾ ਅਟੁੱਟ ਹਿੱਸਾ ਸਮਝਣ ਵਾਲੇ ਬਹੁਤ ਥੋੜੇ ਹਨ।ਅਸੀਂ ਕਈ ਵਰਗਾਂ ਨੂੰ ਪੰਜਾਬੀ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਦਾ ਦੋਸ਼ ਲਗਾਉਂਦੇ ਹਾਂ, ਪਰ ਅਕਸਰ ਖੁਦ ਵੀ ਕਈ ਵਾਰੀ ਪੰਜਾਬੀ-ਪ੍ਰੇਮੀਆਂ ਨਾਲ ਕੋਈ ਵਧੀਕੀ ਕਰ ਜਾਂਦੇ ਹਾਂ।
ਦੇਖਣ ਵਿਚ ਇਹ ਵੀ ਆਇਆ ਹੈ ਕਿ ਪੰਜਾਬੀ ਲੇਖਕ,ਪੱਤਰਕਾਰ,ਪਬਲਿਸ਼ਰ,ਅਧਿਆਪਕ, ਬੁਧੀਜੀਵੀ ਅਖ਼ਬਾਰ, ਟੀ.ਵੀ.ਚੈਨਲ ਨੂੰ ਕਿਸੇ ਨਾ ਕਿਸੇ ਪਾਸੇ ਤੋਂ ਕੋਈ ਨਾ ਕੋਈ ਪ੍ਰੇਸ਼ਾਨੀ ਪੇਸ਼ ਹੋ ਹੀ ਜਾਂਦੀ ਹੈ।ਰੋਜ਼ਾਨਾ ਅਖ਼ਬਾਰ ਤਾਂ ਕੋਈ ਵੱਡਾ ਅਦਾਰਾ ਹੀ ਕੱਢ ਸਕਦਾ ਹੈ, ਪੰਜਾਬੀ ਵਿਚ ਮਾਸਿਕ ਜਾਂ ਹਫ਼ਤਾਵਾਰੀ ਪਰਚਾ ਕੱਢਣਾ ਜਾਂ ਵੈਬਸਾਈਟ ਚਲਾਉਣਾ ਘਰ ਫੁਕ ਤਮਸ਼ਾ ਦੇਖਣ ਵਾਲੀ ਗਲ ਹੈ।ਇਥੇ ਕੇਵਲ ਲੇਖਕਾਂ ਦੀ ਗਲ ਕਰ ਰਹੇ ਹਾਂ।ਲੇਖਕ ਕੋਈ ਨਵੀ ਕਵਿਤਾ,ਕਹਾਣੀ,ਲੇਖ ,ਫੀਚਰ ਆਦਿ ਲਿਖਦਾ ਹੈ, ਜੇ ਕਰ ਉਹ ਕਿਸੇ ਅਖ਼ਬਾਰ,ਵੈਬਸਾਈਟ ਜਾਂ ਮੈਗ਼ਜ਼ੀਨ ਵਿਚ ਨਾ ਛਪੇ ਤਾਂ ਇਸ ਦਾ ਕਿਸੇ ਨੂੰ ਕੀ ਪਤਾ ਲਗ ਸਕਦਾ ਹੈ।ਲੇਖਕ ਦੀ ਕੋਈ ਰਚਨਾ ਕਿਤੇ ਛਪਦੀ ਹੈ ਤਾਂ ਦੂਸਰੇ ਲੇਖਕ,ਆਲੋਚਕ ਤੇ ਪਾਠਕ ਆਪਣੀ ਰਾਏ ਦੇ ਕੇ ਜਿਥੇ ਸ਼ਲਾਘਾ ਰਾਹੀ ਪ੍ਰੇਰਨਾ ਦਿੰਦੇ ਹਨ, ਉਥੇ ਉਸਾਰੂ ਨੁਕਤਾਚੀਨੀ ਦੁਆਰਾ ਉਸ ਨੂੰ ਅਗੇ ਵਾਸਤੇ ਹੋਰ ਚੰਗੇਰੀ ਰਚਨਾ ਲਿਖਣ ਲਈ ਸੁਝਾਅ ਵੀ ਦਿੰਦੇ ਹਨ।
ਪੰਜਾਬੀ ਦੇ ਬਹੁਤੇ ਅਖ਼ਬਾਰਾਂ ਦੀ ਆਰਥਿਕ ਹਾਲਤ ਬਹੁਤ ਚੰਗੀ ਨਹੀਂ ਅਤੇ ਛਪਣ ਗਿਣਤੀ ਵੀ ਬਹੁਤ ਥੋੜੀ ਹੈ ,ਫਿਰ ਵੀ ਵੀ ਆਪਣੀ ਵਿੱਤ ਅਨੁਸਾਰ ਮਾਂ-ਬੋਲੀ ਦੀ ਸੇਵਾ ਕਰ ਰਹੇ ਹਨ।ਕੇਵਲ ਤਿੰਨ ਰੋਜ਼ਾਨਾ ਅਖ਼ਬਾਰਾਂ ਵਲੋਂ ਲੇਖਕਾਂ ਨੂੰ ਉਸ ਦੀ ਮੌਲਕ ਰਚਨਾ ਪ੍ਰਕਾਸਿਤ ਕਰਨ ਉਤੇ ਕ੍ਰਿਤਫਲ ਦਿਤਾ ਜਾਂਦਾ ਹੈ।ਇਸ ਲਈ ਇਨ੍ਹਾਂ ਅਖ਼ਬਾਰਾਂ ਨੂੰ ਭੇਜਣ ਵਾਲੀ ਰਚਨਾ ਹੋਰ ਕਿਸੇ ਅਖ਼ਬਾਰ ਨੂੰ ਭੇਜਣੀ ਜਾਇਜ਼ ਨਹੀਂ।ਪਰ ਹਰ ਅਖ਼ਬਾਰ,ਵੈਬਸਾਈਟ ਜਾਂ ਮੈਗ਼ਜ਼ੀਨ ਇਹੋ ਚਾਹੰਦਾ ਹੈ ਕਿ ਉਸ ਨੂੰ ਭੇਜੀ ਗਈ ਰਚਨਾ ਬਿਲਕੁਲ ਮੌਲਿਕ ਤੇ ਕਿਤੇ ਛਪੀ ਨਾ ਹੋਵੇ ਅਤੇ ਕਿਸੇ ਹੋਰ ਅਖ਼ਬਾਰ/ਵੈਬਸਾਈਟ ਨੂੰ ਨਾ ਭੇਜੀ ਜਾਏ।ਅਕਸਰ ਦੇਖਿਆ ਜਾਂਦਾ ਹੈ ਕਿ ਬਹੁਤੇ ਅਖ਼ਬਾਰ ਲੇਖਕ ਵਲੋਂ ਭੇਜੀ ਗਈ ਰਚਨਾ ਛਾਪਣ ਜਾਂ ਨਾ ਛਾਪਣ ਬਾਰੇ ਸੂਚਨਾ ਤਕ ਵੀ ਨਹੀਂ ਦਿੰਦੇ।ਰਚਨਾ ਛਪ ਜਾਏ ਤਾਂ ਰੋਜ਼ਾਨਾ ਅਜੀਤ ਤੋਂ ਬਿਨਾ ਕਿਸੇ ਹੋਰ ਅਦਾਰੇ ਵਲੋਂ ਉਸ ਨੂੰ ਅਖ਼ਬਾਰ ਦੀ ਕਾਪੀ ਤਕ ਵੀ ਨਹੀਂ ਭੇਜੀ ਜਾਂਦੀ।ਹਰ ਲੇਖਕ ਸਾਰੇ ਅਖ਼ਬਾਰ ਤਾਂ ਖਰੀਦ ਨਹੀਂ ਸਕਦਾ, ਆਮ ਘਰਾਂ ਵਿਚ ਇਕ ਜਾਂ ਦੋ ਅਖ਼ਬਾਰ ਹੀ ਲਗਵਾਏ ਹੁੰਦੇ ਹਨ।
ਪੰਜਾਬੀ ਦੀਆਂ ਕਈ ਵੈਬਸਾਈਟਾਂ ਵੀ ਚਲ ਰਹੀਆਂ ਹਨ, ਵਧੇਰੇ ਕਰ ਕੇ ਕਿਸੇ ਵੈਬਸਾਈਟ ਵਲੋਂ ਕਿਸੇ ਲੇਖਕ ਨੂੰ ਉਸ ਦੀ ਰਚਨਾ ਲਈ ਕੋਈ ਇਵਜ਼ਾਨਾ ਨਹੀਂ ਦਿਤਾ ਜਾਂਦਾ ( ਇਸ ਲੇਖਕ ਨੂੰ ਇਕ ਨਵੀੰ ਪੰਜਾਬੀ ਵੈਬਸਾਈਟ ਨੇ ਆਪਣੇ ਆਪ ਵੈਸਟਰਨ ਯੁਨੀਅਨ ਰਾਹੀਂ ਪੰਜ ਹਜ਼ਾਰ ਰੁਪਏ ਭੇਜੇ ਹਨ)।।ਇਹ ਸਾਰੀਆਂ ਵੈਬਸਾਈਟਾਂ ਵਾਲੇ ਵੀ ਇਹੋ ਚਾਹੁੰਦੇ ਹਨ ਕਿ ਜੋ ਰਚਨਾ ਉਨ੍ਹਾਂ ਨੂੰ ਭੇਜੀ ਜਾਏ ਕਿਸੇ ਹੋਰ ਵੈਬਸਾੀੲਟ ਨੂੰ ਨਾ ਭੇਜੀ ਜਾਏ।ਵੱਖ ਵੱਖ ਪੰਜਾਬੀ ਅਖ਼ਬਾਰਾਂ ਦੇ ਪਾਠਕ ਅਕਸਰ ਵੱਖ ਵੱਖ ਵਰਗਾਂ ਨਾਲ ਸਬੰਧ ਰਖਦੇ ਹਨ, ਸਾਰੇ ਪਾਠਕ ਨਾ ਸਾਰੇ ਪੰਜਾਬੀ ਦੇ ਅਖ਼ਬਾਰ ਪੜ੍ਹਦੇ ਹਨ ਨਾ ਹੀ ਸਾਰੀਆਂ ਵੈਬਸਾਈਟਾਂ ਵਾਚਦੇ ਹਨ।
ਪੰਜਾਬੀ ਲੇਖਕ ਤਾਂ ਇਹ ਚਾਹੁੰਦਾ ਹੈ ਕਿ ਉਸ ਦੀ ਰਚਨਾ ਨੂੰ ਵੱਧ ਤੋਂ ਵੱਧ ਪਾਠਕ ਪੜ੍ਹਣ।ਰਚਨਾ ਲਈ ਕ੍ਰਿਤਫਲ ਦੇਣ ਵਾਲੀਆਂ ਅਖ਼ਬਾਰਾਂ ਤੇ ਵੈਬਸਾਈਟਾਂ ਵਲੋਂ ਉਸ ਉਤੇ ਕਿਸੇ ਹੋਰ ਅਖ਼ਬਾਰ/ਵੈਬਸਾਈਟ ਨੂੰ ਇਹ ਰਚਨਾ ਨਾ ਭੇਜਣ ਦੀ ਸ਼ਰਤ ਤਾਂ ਬਿਲਕੁਲ ਜਾਇਜ਼ ਹੈ, ਪਰ ਬਿਨਾ ਕੋਈ ਮੁਆਵਜ਼ਾ ਦਿਤੇ ਰਚਨਾ ਲੈਣ ਵਾਲੇ ਅਖ਼ਬਾਰਾਂ/ਵੈਬਸਾਈਟਾਂ ਵਲੋਂ ਲਗਾਈ ਸ਼ਰਤ ਲੇਖਕ ਨੂੰ ਚੁਭਦੀ ਹੈ। ਖੁਸ਼ਵੰਤ ਸਿੰਘ, ਕੁਲਦੀਪ ਨੱਰੀਅਰ ਤੇ ਹੋਰ ਕਈ ਵਰਗੇ ਅਨੇਕਾਂ ਪੱਤਰਕਾਰ ਹਨ, ਜਿਨ੍ਹਾਂ ਦੀ ਇਕ ਰਚਨਾ ਹਰ ਹਫਤੇ ਸੈਂਕੜੇ ਅੰਗਰੇਜ਼ੀ ਤੇ ਪੰਜਾਬੀ ਸਮੇਤ ਭਾਸ਼ਾਈ ਅਖ਼ਬਾਰਾਂ ਵਿਚ ਛਪਦੀ ਹੈ,ਜਿਸ ਲਈ ਅਖ਼ਬਾਰਾਂ ਵਾਲੇ ਹਜ਼ਾਰਾਂ ਰੁਪਏ ਆਵਜ਼ਾ ਦਿੰਦੇ ਹਨ।ਜੇ ਕਰ ਲੇਖਕ ਨੇ ਇਨ੍ਹਾਂ ਵਿਚੋਂ ਕਿਸੇ ਇਕ ਵੈਬਸਾਈਟ ਨੂੰ ਵੀ ਅਪਣੀ ਰਚਨਾ ਭੇਜੀ ਹੈ, ਉਸ ਵਲੋਂ ਉਸ ਦੀ ਵਰਤੋਂ ਕਰਨ ਜਾਂ ਨਾ ਕਰਨ ਬਾਰੇ ਕੋਈ ਸੂਚਨਾ ਨਾ ਦੇਣਾ ਲੇਖਕ ਨਾਲ ਜ਼ਿਆਦਤੀ ਹੈ।
ਮੈਂ ਭਾਵੇਂ ਪੰਜਾਬੀ ਯੁਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਦੀ ਐਮ.ਏ. ਤੇ ਪੱਤਰਕਾਰੀ ਦਾ ਕੋਰਸ ਕਰਕੇ ਰੋਜ਼ੀ ਰੋਟੀ ਲਈ ਸਾਰੀ ਉਮਰ ਅੰਗਰੇਜ਼ੀ ਅਖ਼ਬਾਰਾ ਵਿਚ ਬਤੌਰ ਸਟਾਫ ਰੀਪੋਰਟਰ ਕੰਮ ਕੀਤਾ ਹੈ, ਪਰ ਵਧੇਰੇ ਕਰ ਕੇ ਪੰਜਾਬੀ ਵਿਚ ਹੀ ਲਿਖਦਾ ਰਿਹਾਂ ਹਾਂ।ਖਬਰਾਂ ਤੋਂ ਬਿਨਾ ਅੰਗਰੇਜ਼ੀ ਵਿਚ ਕੋਈ ਲੇਖ/ਫੀਚਰ ਵੀ ਅੰਗਰੇਜ਼ੀ ਅਖ਼ਬਾਰਾਂ ਨੂੰ ਭੇਜਦਾ ਤਾਂ 600-800 ਰੁਪੈ ਮਿਲਦੇ ਜਦੋਂ ਕਿ ਪੰਜਾਬੀ ਵਿਚ ਉਸੇ ਰਚਨਾ ਦੇ 150-250 ਰੁਪੈ ਮਿਲਦੇ।ਪੰਜਾਬ ਸਰਕਾਰ ਦੇ ਪੰਜਾਬੀ,ਹਿੰਦੀ,ਅੰਗਰੇਜ਼ੀ ਤੇ ਉਰਦੂ ਵਿਚ ਚਾਰ ਮਾਸਿਕ ਪੱਤਰ ਹਨ। ਉਨ੍ਹਾ ਮੇਰੇ ਪਾਸੋਂ ਕਈ ਵਾਰੀ ਕਿਸੇ ਵਿਸ਼ੇ ਜਾਂ ਸ਼ਖਸ਼ੀਅਤ ਬਾਰੇ ਲੇਖ ਲਿਖਵਾਏ ਹਨ, ਪੰਜਾਬੀ ਵਾਲੇ ਵਲੋਂ 200-300 ਰੁਪੈ ਮਿਲਦੇ ਸਨ ਜਦੋਂ ਕਿ ਅੰਗਰੇਜ਼ੀ ਵਾਲੇ ਪਰਚੇ ਵਲੋਂ ਉਸੇ ਰਚਨਾ ਦੇ 800-900 ਰੁਪੈ ਮਿਲ ਜਾਂਦੇ ਰਹੇ ਹਨ। ਦੋ ਕੁ ਸਾਲ ਮੈਂ ਇਕ ਹਿੰਦੀ ਦੇ ਅਖ਼ਬਾਰ ਵਿਚ ਕੰਮ ਕੀਤਾ।ਉਹ ਵੀ ਹਰ ਲੇਖ ਦੇ 400-500 ਰੁਪੇੈ ਦੇ ਦਿੰਦੇ ਸਨ।ਮੈਂ ਇਕ ਅਖ਼ਬਾਰ ਲਈ ਪਿਛਲੇ ਲਗਭਗ 40 ਸਾਲਾਂ ਤੋਂ ਅਤੇ ਇਕ ਹੋਰ ਲਈ 30 ਸਾਲਾਂ ਤੋਂ ਲਿਖ ਰਿਹਾ ਹਾਂ, ਹੁਣ ਵੀ ਉਤਨੇ ਹੀ ਪੈਸੇ ਮਿਲਦੇ ਹਨ, ਜਿਤਨੇ 30-35 ਸਾਲ ਪਹਿਲਾਂ ਮਿਲਦੇ ਸਨ, ਜਦੋਂ ਕਿ ਮਹਿੰਗਾਈ ਇਤਨੀ ਵੱਧ ਗਈ ਹੈ। ਉਮਰ ਤੇ ਲੰਬੇ ਤਜਰਬੇ ਨਾਲ ਮੇਰੇ ਵਿਚਾਰਾਂ ਵਿਚ ਵੀ ਪਹਿਲਾਂ ਨਾਲੋਂ ਪ੍ਰੌੜਤਾ, ਨਿਰਪੱਖਤਾ, ਨਿੱਡਰਤਾ ਤੇ ਸਪਸ਼ਟਤਾ ਆਈ ਹੈ।ਜਦੋਂ ਕਿਸੇ ਅਖ਼ਬਾਰ ਵਲੋਂ ਕਿਸੇ ਲੇਖ ਲਈ 100 ਜਾਂ 150 ਰੁਪੈ ਆਉਂਦੇ ਹਨ, ਤਾਂ ਆਪਣੇ ਆਪ ਨੂੰ ਹੀ ਸ਼ਰਮ ਜਿਹੀ ਆਉਂਦੀ ਹੈ। ਇਤਨੇ ਪੈਸੇ ਤਾਂ ਅਜ ਮਜ਼ਦੂਰ ਇਕ ਦਿਹਾੜੀ ਦੇ ਲੈ ਰਿਹਾ ਹੈ।ਮੈਂ ਪੈਸੇ ਲਈ ਨਹੀਂ ਲਿਖਦਾ, ਜੋ ਅੰਦਰੋਂ ਵਿਚਾਰ ਊਠਦੇ ਹਨ,ੳਨ੍ਹਾਂ ਨੂੰ ਕਾਗਜ਼ਾ ਉਤੇ ਝਰੀਟ ਦਿੰਦਾ ਹਾਂ। ਪੈਸੇ ਦੀ ਇਤਨੀ ਮਹੱਤਤਾ ਨਹੀਂ,ਆਪਣੇ ਮਨ ਦੀ ਸਤੁੰਸਟੀ ਲਈ ਲਿਖਦਾ ਹਾਂ।ਸਾਰੀ ਉਮਰ ਘਾਲਣਾ ਘਾਲ ਕੇ ਆਪਣਾ ਇਕ ਨਾਂਅ ਬਣਾਇਆ ਹੈ,ਉਸ ਨੂੰ ਬਰਕਰਾਰ ਰਖਣ ਲਈ ਵੀ ਲਿਖਦਾ ਹਾਂ। ਪੰਜਾਬੀ ਦੇ ਕਿਸੇ ਅਖ਼ਬਾਰ,ਮੈਗਜ਼ੀਨ ਜਾਂ ਵੈਬਸਾਈਟ ਵਿਚ ਜਦੋਂ ਕੋਈ ਰਚਨਾ ਛਪਦੀ ਹੈ,ਤਾਂ ਇਕ ਖੁਸ਼ੀ ਤੇ ਪ੍ਰੇਰਨਾ ਮਿਲਦੀ ਹੈ।ਇਹ ਵੀ ਇਕ ਹਕੀਕਤ ਹੈ ਕਿ ਪੰਜਾਬੀਆਂ ਦੀ ਮਾਨਸਿਕਤਾ ਦੀ ਤਰਜਮਾਨੀ ਕੇਵਲ ਪੰਜਾਬੀ ਅਖ਼ਬਾਰ, ਮੈਗ਼ਜ਼ੀਨ ਅਤੇ ਵੈਬਸਾਈਟਾਂ ਵਲੋਂ ਹੀ ਕੀਤੀ ਜਾਂਦੀ ਹੈ।ਦੇਸ਼ ਵਿਦੇਸ਼ ਚੋ ਜਦੋਂ ਕਿਸੇ ਸੁਹਿਰਦ ਪਾਠਕ ਦਾ ਪ੍ਰਸੰਸਾ ਭਰੇ ਮਿੱਠੇ ਬੋਲਾਂ ਨਾਲ ਭਿੱਜਿਆ ਫੋਨ ਆਉਂਦਾ ਹੈ, ਉਹ ਹਜ਼ਾਰਾਂ ਲੱਖਾਂ ਰੁਪੈ ਨਾਲੋਂ ਵੀ ਵੱਧ ਕੀਮਤੀ ਜਾਪਦਾ ਹੈ ਅਤੇ ਇਕ ਨਵੀਂ ਪ੍ਰੇਰਣਾ ਦਿੰਦਾ ਹੈ।
ਹਰ ਅਖ਼ਬਾਰ ,ਮੈਗਜ਼ੀਨ ਜਾਂ ਵੈਬਸਾਈਟ ਦੇ ਸੰਪਾਦਕ ਨੰ ਇਹ ਪੂਰਾ ਅਧਿਕਾਰ ਹੈ ਕਿ ਉਹ ਕਿਸੇ ਰਚਨਾ ਨੂੰ ਛਾਪਣ ਲਈ ਸਵੀਕਾਰ ਜਾਂ ਰੱਦ ਕਰ ਦੇਵੇ ਜਾਂ ਲੋੜੀਂਦੀ ਕਾਂਟ-ਛਾਂਟ (ਸਬਿੰਗ) ਕਰੇ।ਸਵਾਲ ਇਹ ਹੈ ਕਿ ਉਹ ਲੇਖਕ ਨਾਲ ਵਿਵਹਾਰ ਤਾਂ ਚੰਗਾ ਕਰੇ, ਉਸ ਦੀ ਰਚਨਾ ਛਾਪਣ ਜਾਂ ਨਾ ਛਾਪਣ ਬਾਰੇ ਸੂਚਨਾ ਤਾਂ ਦੇਵੇ।ਜੇ ਕਰ ਰਚਨਾ ਵਰਤੀ ਜਾਂਦੀ ਹੈ ਜੇ ਕ੍ਰਿਤਫਲ ਨਹੀਂ ਦੇਣਾ, ਤਾਂ ਘਟੋ ਘਟ ਧੰਨਵਾਦ ਦੇ ਦੋ ਸ਼ਬਦ ਹੀ ਲਿਖ ਭੇਜਣ।
# 194-ਸੀ,ਭਾਈ ਰਣਧੀਰ ਸਿੰਘ ਨਗਰ,ਲੁਧਿਆਣਾ.
|