|
ਅਜ ਤੋਂ 25 ਸਾਲ ਪਹਿਲਾਂ ਜੂਨ 84 ਵਿਚ ਟੈਂਕਾਂ, ਤੋਪਾਂ ਅਤੇ ਹੋਰ ਆਧੁਨਿਕ ਹਥਿਆਰਾਂ ਨਾਲ ਲੈਸ ਫੌਜ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਉਪਰ ਕੀਤਾ ਗਿਆ ਹਮਲਾ ਵੀਹਵੀਂ ਸਦੀ ਵਿਚ ਸਿੱਖਾਂ ਲਈ ਸਭ ਤੋਂ ਵੱਡਾ ਦੁਖਾਂਤ ਸੀ। ਇਸ ਤੋਂ ਪਹਿਲੋਂ 1762 ‘ਚ ਅਹਿਮਦ ਸ਼ਾਹ ਅਬਦਾਲੀ ਨੇ ਇਸ ਪਾਵਨ ਅਸਥਾਨ ਉਤੇ ਚੜ੍ਹਾਈ ਕੀਤੀ ਸੀ। ਉਹ ਤਾਂ ਇਕ ਵਿਦੇਸ਼ੀ ਧਾੜਵੀ ਸੀ, ਜਦੋਂ ਕਿ ਇਹ ਫੋਜੀ ਹਮਲਾ ਦੇਸ਼ ਦੇ ਲੋਕਾਂ ਦੁਆਰਾ ਚੁਣੀ ਗਈ ਇੰਦਰਾ ਗਾਂਧੀ ਦੀ ਸਰਕਾਰ ਨੇ ਕੀਤਾ ਸੀ। ਇਸ ਹਮਲੇ ਨਾਲ ਜਿੱਥੇ ਵਿਸ਼ਵ ਭਰ ਵਿੱਚ ਰਹਿੰਦੇ ਸਿੱਖਾਂ ਦੇ ਹਿਰਦੇ ਬੁਰੀ ਤਰ੍ਹਾਂ ਵਲੂੰਧਰੇ ਗਏ ਉਥੇ ਸ੍ਰੀਮਤੀ ਗਾਂਧੀ ਨੂੰ ਆਪਣੀ ਜਾਨ ਦੇ ਕੇ ਇਸ ਦੀ ਕੀਮਤ ਤਾਰਨੀ ਪਈ।
ਸ੍ਰੀ ਦਰਬਾਰ ਸਾਹਿਬ ਉਤੇ ਇਸ ਹਮਲੇ ਲਈ ਸਮਾਂ ਸ੍ਰੀਮਤੀ ਗਾਂਧੀ ਨੇ ਅਮਨ ਤੇ ਸ਼ਾਂਤੀ ਦੇ ਪੁੰਜ ਅਤੇ ਇਸ ਪਾਵਨ ਸਥਾਨ ਦੇ ਸਿਰਜਕ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਚੁਣਿਆ, ਜਦੋਂ ਹਜ਼ਾਰਾਂ ਹੀ ਸ਼ਰਧਾਲੂ ਇਥੇ ਮੱਥਾ ਟੇਕਣ ਤੇ ਸ਼ਹੀਦੀ ਪਰਬ ਵਿਚ ਸ਼ਾਮਿਲ ਹੋਣ ਲਈ ਆਏ ਹੋਏ ਸਨ। ਸਾਰੇ ਪੰਜਾਬ ਨੂੰ ਫੌਜ ਦੇ ਹਵਾਲੇ ਕਰਕੇ ਅਤੇ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਕੇ, ਰੇਲ, ਸੜਕ ਅਤੇ ਹਵਾਈ ਆਵਾਜਾਈ ਬੰਦ ਕਰਕੇ ਤੇ ਹਰ ਤਰ੍ਹਾਂ ਦੇ ਵਾਹਨ ਬੈਲ ਗੱਡੀਆਂ ਅਤੇ ਸਾਈਕਲ ਚਲਾਉਣ ਉਤੇ ਵੀ ਪਾਬੰਦੀ ਲਗਾ ਕੇ, ਬਿਜਲੀ ਦੀ ਸਪਲਾਈ ਤੇ ਟੈਲੀਫੋਨ ਕੱਟ ਕੇ ਅਤੇ ਪ੍ਰੈਸ ਉਤੇ ਸੈਂਸਰ ਲਗਾ ਕੇ ਇਹ ਵਹਿਸ਼ੀਆਨਾ ਹਮਲਾ ਕੀਤਾ ਗਿਆ ਜਿਸ ਦੀ ਹੁਣ ਤੱਕ ਦੇ ਵਿਸ਼ਵੀ ਇਤਿਹਾਸ ਵਿਚ ਕੋਈ ਮਿਸਾਲ ਨਹੀਂ ਮਿਲਦੀ।
ਗੱਲ ਇਸ ਹਮਲੇ ਤਕ ਹੀ ਸੀਮਤ ਨਹੀਂ ਸੀ। ਪੰਜਾਬ ਦੇ ਅਨੇਕਾਂ ਹੋਰ ਇਤਿਹਾਸਕ ਗੁਰਦੁਆਰਿਆਂ ਅੰਦਰ ਵੀ ਫੌਜੀ ਕਾਰਵਾਈ ਕੀਤੀ ਗਈ। ਪੰਜਾਬ ਦੇ ਪਿੰਡਾਂ ਵਿਚ ਜ਼ੁਲਮ ਤਸ਼ੱਦਦ, ਦਹਿਸ਼ਤ ਅਤੇ ਵਹਿਸ਼ਤ ਦਾ ਦੌਰ ਸ਼ੁਰੂ ਕੀਤਾ ਗਿਆ ਅਤੇ ਜ਼ਰਾ ਵੀ ਸ਼ੱਕੀ ਸਿੱਖ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਜਾਣ ਲੱਗਾ, ਜਿਸ ਤੋਂ ਘਬਰਾ ਕੇ ਨੌਜਵਾਨ ਪਾਕਿਸਤਾਨ ਚਲੇ ਗਏ।ਅਕਾਲੀ ਲੀਡਰਾਂ ਨੂੰ ਕੌਮੀ ਸੁਰੱਖਿਆ ਕਾਨੂੰ ਅਧੀਨ ਗ੍ਰਿਫਤਾਰ ਕਰਕੇ ਦੂਰ ਦੁਰਾਡੇ ਜੇਲ੍ਹਾਂ ਵਿਚ ਨਜ਼ਰਬੰਦ ਕਰ ਦਿਤਾ ਗਿਆ।
ਇਸ ਵਹਿਸ਼ੀਆਂਨਾ ਫੋਜੀ ਹਮਲੇ ਨੂੰ ਜਾਇਜ਼ ਠਹਿਰਾਉਣ ਲਈ ਸਰਕਾਰ ਨੇ ਸਰਕਾਰੀ ਮੀਡੀਏ ਰਾਹੀਂ ਬੜਾ ਹੀ ਗਲਤ,ਝੂਠਾ, ਇਕ=ਪਾਸੜ ਤੇ ਗੁੰਮਰਾਹਕੁੰਨ ਪ੍ਰਾਪੇਗੰਡਾ ਕੀਤਾ।ਅਤਿਵਾਦ ਦੇ ਨਾਂਅ ‘ਤੇ ਸਮੁਚੀ ਸਿੱਖ ਕੌਮ ਨੂੰ “ਅਤਿਵਾਦੌ” ਤੇ “ਵੱਖਵਾਦੀ” ਗਰਦਾਨਿਆ ਜਾਣ ਲਗਾ।ਚੰਦਰ ਸ਼ੇਖਰ ਤੋਂ ਬਿਨਾ ਕਿਸੇ ਵੀ ਲੀਡਰ ਨੇ “ਹਾਅ ਦਾ ਨਾਅਰਾ” ਨਹੀਂ ਮਾਰਿਆ, ਇਸ ਦੇ ਉਲਟ ਮੁਖ ਵਿਰੋਧੀ ਭਾਰਤੀ ਜੰਤਾ ਪਾਰਟੀ ਨੇ ਇਸ ਹਮਲੇ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਬਹੁਤ ਦੇਰ ਪਹਿਲਾਂ ਹੋ ਜਾਣਾ ਚਾਹੀਦਾ ਸੀ। ਪ੍ਰਮੁਖ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਜਿਨ੍ਹਾ ਨੂੰ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁਖ ਮਮਤਰੀ ਸੁਖਭਰਿ ਸਿੰਘ ਬਾਦਲ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਮੱਕੜ ਡਾ. ਮਨਮੋਹਨ ਸਿੰਘ ਦੀ ਥਾਂ ਅਗਲਾ ਪ੍ਰਧਾਨ ਮੰਤਰੀ ਬਣਾਉਣ ਲਈ ਸਾਰਾ ਜ਼ੋਰ ਲਗਾ ਰਹੇ ਸਨ, ਨੇ ਆਪਣੀ ਸਵੈ-ਜੀਵਨੀ ਵਿਚ ਲਿਖਿਆ ਹੈ ਕਿ ਉਹਨਾਂ ਨੇ ਸ੍ਰੀਮਤੀ ਇੰਦਰਾ ਗਾਂਧੀ ਨੂੰ ਇਹ ਫੋਜੀ ਕਾਰਵਾਈ ਕਰਨ ਲਈ ਉਕਸਾਇਆ ਸੀ।
ਕਿਸੇ ਜਮਹੂਰੀ ਦੇਸ਼ ਵਿਚ ਪ੍ਰੈਸ ਦਾ ਰੋਲ ਬਹੁਤ ਮਹਤਵਪੂਰਨ ਹੁੰਦਾ ਹੈ।ਪ੍ਰੈਸ ਨੇ ਆਮ ਲੋਕਾ ਨੂੰ ਆਪਣੇ ਆਸੇ ਵਾਪਰ ਰਹੀਆਂ ਘਟਨਾਵਾਂ ਬਾਰੇ ਤੱਥਾਂ ਨੂੰ ਤੋੜੇ ਮਰੋੜੇ ਬਿਨਾ ਸਹੀ ਸਹੀ ਜਾਣਕਾਰੀ ਦੇਣੀ ਹੁੰਦੀ ਹੈ। ਸਮਾਜ ਵਿਚ ਕਿਸੇ ਕਮਜ਼ੋਰ , ਗਰੀਬ,ਨਿਤਾਣੇ ਤੇ ਘਰ ਗਿਣਤੀ ਵਰਗ ਨਾਲ ਹੋ ਰਹੇ ਸੋਸਨ, ਜ਼ੁਲਮ ਤਸੱਦਦ, ਅਨਿਆਏ ਅਤੇ ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਵਿਚ ਹੋ ਰਹੇ ਭਿਸ਼ਟਾਚਾਰ ਦਾ ਪਰਦਾਫਾਸ ਵੀ ਕਰਨਾ ਹੁੰਦਾ ਹੈ।ਆਮ ਲੋਕਾਂ ਦੀ ਆਵਾਜ਼ ਸਰਕਾਰ ਜਾਂ ਸਬੰਧਤ ਅਦਾਰੇ ਜਾਂ ਅਧਿਕਾਰੀਆਂ ਤਕ ਪਹੁੰਚਾਉਣੀ ਹੁੰਦੀ ਹੈ ਪਰ ਪੰਜਾਬ ਵਿਚ ਪ੍ਰੈਸ ਦਾ ਤਾਂ ਉਹਨਾਂ ਕਾਲੇ ਦਿਨਾਂ ਵਿਚ ਗਲਾ ਘੁਟਿਆ ਹੋਇਆ ਸੀ।
ਪੰਜਾਬ ਤੇ ਚੰਡੀਗੜ੍ਹ ਦੇ ਸਾਰੇ ਅਖ਼ਬਾਰਾਂ ‘ਤੇ ਸੈਂਸਰ ਲਗੀ ਹੋਈ ਸੀ,ਵੈਸੇ ਵੀ ਅਪਰੇਸ਼ਨ ਬਲਿਊ ਸਟਾਰ ਤੇ ਇਸ ਨਾਲ ਸਬੰਧਤ ਕਾਰਵਾਈ ਬਾਰੇ ਖ਼ਬਰਾਂ ਭੇਜਣ ਉਤੇ ਪਾਬੰਦੀ ਲਗਾੀ ਹੋਈ ਸੀ।ਕੁਝ ਅਖ਼ਬਾਰਾਂ ਨੇ ਸਿੱਧੇ ਜਾਂ ਅਸਿੱਧੇ ਤੌਰ ‘ਤੇ ਇਸ ਹਮਲੇ ਦੀ ਪ੍ਰੋੜਤਾ ਕੀਤੀ। ਪੰਜਾਬ ਵਿਚ ਫੋਜ ਦਾ ਰਾਜ ਸੀ, ਫੌਜੀ ਅਧਿਕਾਰੀ ਕੋਈ ਗਲ ਸੁਣਦੇ ਹੀ ਨਹੀਂ ਸਨ।ਅਜ ਜਿਹੜੇ ਪ੍ਰਾਈਵੇਟ ਸੈਕਟਰ ਵਿਚ ਹਿੰਦੀ,ਅੰਗਰੇਜ਼ੀ ਤੇ ਪੰਜਾਬੀ ਦੇ ਸਮਾਚਾਰ ਚੈਨਲ ਚਲ ਰਹੇ ਹਨ, ਉਨ੍ਹਾ ਦਿਨਾਂ ਵਿਚ ਨਹੀਂ ਸਨ, ਖ਼ਬਰਾਂ ਲਈ ਕੇਵਲ ਆਕਾਸ਼ਬਾਣੀ (ਰੇਡੀਓ) ਅਤੇ ਦੂਰਦਰਸਨ (ਟੀ.ਵੀ.ਚੈਨਲ) ;ਤੇ ਹੀ ਨਿਰਭਰ ਕਰਨਾ ਪੈਂਦਾ ਸੀ।ਆਮ ਲੋਕ ਸਹੀ ਖ਼ਬਰ ਬਾਰੇ ਜਾਣਕਾਰੀ ਲੈਣ ਲਈ ਬੀ.ਬੀ.ਸੀ. ਲੰਦਨ (ਰੇਡੀਓ) ਜਾਂ ਪਾਕਿਸਤਾਨ ਰੇਡੀਓ ਸੁਣਦੇ ਸਨ। ਸਰਕਾਰੀ ਮੀਡੀਏ ਰਾਹੀਂ ਸਹੀ ਜਾਣਕਾਰੀ ਦੇਣ ਦੀ ਥਾਂ ਗਲਤ ਤੇ ਗੁੰਮਰਾਹਕੁੰਨ ਜਾਣਕਾਰੀ ਦਿਤੀ ਜਾ ਰਹੀ ਸੀ।ਹੇਠਾਂ ਕੁਝ ਉਦਾਹਰਣਾਂ ਦਿਤੀਆਂ ਜਾ ਰਹੀਆਂ ਹਨ:-
ਦੂਰਦੂਰਸ਼ਨ ਦੇ ਸਮਾਚਾਰ ਬਲਿਟਨਾਂ ਵਿਚ ਦਸਿਆ ਗਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਵਾਲੇ ਖੁਹ ਵਿਚ “ਅਤਿਵਾਦੀਆਂ” ਨੇ ਇਕ ਛੋਟੇ ਸੰਦੂਕ ਵਿਚ ਭਾਰਤੀ ਕਰੰਸੀ ਦੇ ਲਖਾਂ ਹੀ ਰੁਪਏ ਛੁਪਾ ਕੇ ਰਖੇ ਹੋਏ ਸਨ,ਜਿਨਾਂ ਨੂੰ ਫੋਜ ਨੇ ਬਾਹਰ ਕੱਢ ਲਿਆ ਹੈ।ਇਸ ਖ਼ਬਰ ਨਾਲ ਸਬੰਧਤ ਜਦੋਂ ਤਸਵੀਰ (ਵੀਡੀਓ) ਦਿਖਾਈ ਗਈ ਤਾਂ ਸੰਦੂਕ ਵਿਚੋਂ ਪਾਣੀ ਨੁਚੜਣਾ ਚਾਹੀਦਾ ਸੀ, ਜੋ ਨਹੀਂ ਨੁਚੜ ਰਿਹਾ ਸੀ, ਇਸ ਸੰਦੂਕ ਵਿਚੋਂ ਜੋ ਨੋਟਾਂ ਦੇ ਬੰਡਲ ਬਾਹਰ ਕੱਢ ਕੇ ਦਿਖਾਏ ਗਏ, ਉਹ ਵੀ ਸੁੱਕੇ ਸਨ, ਪਾਣੀ ਨਾਲ ਭਿੱਜੇ ਹੋਏ ਨਹੀਂ ਸਨ।
ਸਰਕਾਰੀ ਮੀਡੀਏ ਰਾਹੀਂ ਇਹ ਖ਼ਬਰ ਵੀ ਪ੍ਰਸਾਰਿਤ ਕੀਤੀ ਗਈ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚੋਂ ਚਰਸ ਸਮੇਤੇ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਪਕੜੇ ਗਏ ਹਨ। ਦਰਅਸਲ ਇਹ ਚੀਜ਼ਾਂ ਭਾਰਤ-ਪਾਕਿ ਸਰਹੱਦ ਤੋਂ ਪਕੜੀਆਂ ਗਈਆ ਸਨ, ਪਰ ਸਿੱਖਾਂ ਨੂੰ ਬਦਨਾਮ ਕਰਨ ਲਈ ਇਸ ਦਾ ਪ੍ਰਚਾਰ ਗਲਤ ਕੀਤਾ ਗਿਆ।ਬੜੀ ਦੇਰ ਬਾਅਦ ਇਸ ਬਾਰੇ ਸਪਸ਼ਟੀਕਰਨ ਦਿਤਾ ਗਿਆ।
ਇਸੇ ਤਰ੍ਹਾਂ ਇਕ ਖ਼ਬਰ ਪ੍ਰਸਾਰਿਤ ਕੀਤੀ ਗਈ ਕਿ ਕੰਪਲੈਕਸ ਵਿਚ ਮਾਰੇ ਗਏ ਅਤਿਵਾਦੀਆਂ ਵਿਚ ਪਾਕਿਸਤਾਨੀ (ਮੁਸਲਮਾਨ) ਵੀ ਸਨ।ਦਰਅਸਲ ਸ੍ਰੀ ਗੁਰੁ ਰਾਮਦਾਸ ਸਰਾਂ ਵਿਚ ਕੁਝ ਬੰਗਲਾ ਦੇਸ਼ੀ ਠਹਿਰੇ ਹੋਏ ਸਨ,ਜੋ ਪਾਕਿਸਤਾਨ ਜਾਣ ਲਈ ਅਕਸਰ ਇਧਰ ਆਉਂਦੇ ਰਹਿੰਦੇ ਸਨ ( ਅਜਕਲ ਵੀ ਕਈ ਵਾਰੀ ਸਰਹੱਦ ਪਾਰ ਕਰਨ ਦਾ ਯਤਨ ਕਰਦੇ ਹਨ)।ਲਾਸ਼ ਦੀ ਸੁੰਨਤ ਦੇਖ ਕੇ ਇਹ ਤਾਂ ਪਤਾ ਲਗ ਸਕਦਾ ਹੈ ਕਿ ਮਰਨ ਵਾਲਾ ਵਿਅਕਤੀ ਮੁਸਲਮਾਨ ਸੀ, ਪਰ ਸਰਕਾਰੀ ਮੀਡੀਏ ਨੇ ਇਹ ਕਿਵੇਂ ਕਹਿ ਦਿਤਾ ਕਿ ਉਹ ਪਾਕਿਸਤਾਨੀ ਹੈ। ਇਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਉਨ੍ਹਾ ਦੇ ਸਾਥੀਆਂ ਨੂੰ ਬਦਨਾਮ ਕਰਨਾ ਸੀ ਕਿ ਉੁਨ੍ਹਾਂ ਦੇ ਪਾਕਿਸਤਾਨ ਨਾਲ ਸਬੰਧ ਸਨ।
ਅਪਰੇਸ਼ਨ ਬਲਿਊ ਸਟਾਰ ਪਿਛੋਂ ਫੋਜ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚੋਂ ਮਾਰੇ ਗਏ “ਅਤਿਵਾਦੀਆਂ” ਪਾਸੋਂ ਇਕੱਤਰ ਕੀਤੇ ਹਥਿਆਰ ਦੂਰਦਰਸ਼ਨ ਤੇ ਦਿਖਾਏ।ਇਸ ਬਾਰੇ ਪਿਛੋਂ ਪਤਾ ਲਗਾ ਕਿ ਫੋਜ ਨੇ ਦਸੰਬਰ 1971 ਵਿਚ ਜੋ ਹਥਿਆਰ ਬੰਗਲਾ ਦੇਸ਼ ਤੋਂ ਜ਼ਬਤ ਕੀਤੇ ਗਏ ਸਨ,ਉਨ੍ਹਾਂ ਦੀ ਇਥੇ ਲਿਆਕੇ ਨੁਮਾਇਸ਼ ਕੀਤੀ ਗਈ।
ਇਕ ਹੋਰ ਬਹੁਤ ਹੀ ਸ਼ਰਾਰਤਪੂਰਨ ਤੇ ਗੁੰਮਰਾਹਕੁੰਨ ਖ਼ਬਰ ਰੇਡੀਓ ਜਾਂ ਦੂਰਦਰਸ਼ਨ ‘ਤੇ ਤਾਂ ਪ੍ਰਸਾਰਿਤ ਨਹੀਂ ਕੀਤੀ ਗਈ, ਪਰ ਉਸ ਦਾ ਪ੍ਰਚਾਰ ਬਹੁਤ ਜ਼ੋਰ ਸ਼ੋਰ ਤੇ ਬੇਸ਼ਰਮੀ ਨਾਲ ਕੀਤਾ ਗਿਆ ਕਿ ਸ੍ਰੀ ਦਰਬਾਰ ਸਾਹਿਬ ਦੇ “ਤਹਿਖਾਨੇ” ਵਿਚ “ਅਤਿਵਾਦੀਆਂ” ਨੇ ਅਨੇਕਾਂ ਹੀ ਨੌਜਵਾਨ ਕੁੜੀਆ ਨੰਗੀਆਂ ਰਖੀਆਂ ਹੋਈਆਂ ਸਨ, ਜਿਨ੍ਹਾ ਨਾਲ ਇਹ ਅਤਿਵਾਦੀ ਅਕਸਰ “ਬਲਾਤਕਾਰ” ਕਰਦੇ ਰਹਿੰਦੇ ਸਨ, ਜਿਸ ਕਾਰਨ ਇਨ੍ਹਾਂ ਵਿਚੋਂ ਕਈ ਮੁਟਿਆਰਾਂ ਗਰਭਵਤੀ ਹੋ ਗਈਆਂ ਹਨ। ਇਹ ਜ਼ਬਾਨੀ ਪ੍ਰਚਾਰ ਇਤਨਾ ਤੇਜ਼ ਸੀ ਕਿ ਦੇਸ਼ ਦੇ ਦੂਜੇ ਸੂਬਿਆਂ ਤਕ ਵੀ ਜਾ ਪੁਜਾ। ਇਸ ਪੱਤਰਕਾਰ ਨੇ ਇਸ ਬਾਰੇ ਖ਼ਬਰ ਨਾਗਪੁਰ (ਮਹਾਂਰਾਸ਼ਟਰ) ਤੋਂ ਛਪਣ ਵਾਲੇ ਇਕ ਅੰਗਰੇਜ਼ੀ ਅਖ਼ਬਾਰ ਵਿਚ ਪੜ੍ਹੀ। ਹੋਰ ਅਖ਼ਬਾਰਾਂ ਵਿਚ ਵੀ ਅਜੇਹੀ ਖ਼ਬਰ ਛਪੀ ਹੋਏਗੀ। ਪ੍ਰਸਾਸ਼ਨ ਵਲੋਂ ਇਸ ਖਬਰ ਦਾ ਖੰਡਣ ਦੋ ਤਿੰਨ ਮਹੀਨਿਆਂ ਬਾਅਦ ਕੀਤਾ ਗਿਆ।
ਫੋਜੀ ਹਮਲੇ ਕਾਰਨ ਸਿੱਖਾਂ ਤੇ ਨਾਨਕ ਨਾਮ ਲੇਵਾ ਸ਼ਰਧਾਲੂਆਂ ਦੇ ਧਾਰਮਿਕ ਜ਼ਜ਼ਬਾਤਾਥ ਨੂੰ ਗਹਿਰੀ ਠੇਸ ਲਗੀ। ਪਿੰਡਾਂ ਵਿਚੋਂ ਲੋਕ ਇਕਠੇ ਹੋ ਕੇ ਅੰਮ੍ਰਿਤਸਰ ਵਲ ਕੂਚ ਕਰਨ ਲਗੇ, ਫੋਜ ਨੇ ਉਹਨਾਂ ਨੂੰ ਥਾਂ ਥਾਂ ਰੋਕਿਆ।ਇਸ ਤਰ੍ਹਾਂ ਦੀਆਂ ਖ਼ਬਰਾਂ ਦੱਬਾ ਦਿਤੀਆਂ ਗਈਆ, ਕਿਸੇ ਸਮਾਚਾਰ ਬੁਲਿਟਨ ਵਿਚ ਇਨ੍ਹਾ ਦਾ ਜ਼ਿਕਰ ਨਹੀਂ ਕੀਤਾ ਗਿਆ।ਕਈ ਸਿੱਖ ਸਖ਼ਸ਼ੂੀਅਤਾਂ ਨੇ ਸਰਕਾਰ ਵਲੋਂ ਪ੍ਰਦਾਨ ਕੀਤੇ ਗਏ ਪਦਮ ਸ੍ਰੀ, ਪਦਮ ਭੂਸ਼ਨ ਵਰਗੇ ਸਨਮਾਨਯੋਗ ਖ਼ਿਤਾਬ ਵਾਪਸ ਕਰ ਦਿਤੇ ਤੇ ਕਈਆਂ ਨੇ ਸਰਕਾਰੀ ਉਚ ਅਹੂਦੇ ਤਿਆਗ ਦਿਤੇ,ਪਰ ਇਹ ਖ਼ਬਰਾਂ ਵੀ ਨਹੀਂ ਦਿਤੀਆਂ ਗਈਆਂ। ਇਸੇ ਤਰਾਂ ਫੋਜ ਤੇ ਦੂਸਰੇ ਸੁਰੱਖਿਆ ਦਸਤਿਆਂ ਵਲੋਂ ਸਿੱਖਾਂ ਤੇ ਕੀਤੀਆਂ ਗਈਆਂ ਜ਼ਿਆਦਤੀਆਂ ਤੇ ਜ਼ੁਲਮ ਤਸੱਦਦ ਬਾਰੇ ਕਦੀ ਜ਼ਿਕਰ ਨਾ ਕੀਤਾ ਗਿਆ।
ਇਸ ਤਰ੍ਹਾਂ ਦੀਆਂ ਅਨੇਕ ਹੋਰ ਮਿਸਾਲਾਂ ਦਿਤੀਆਂ ਜਾ ਸਕਦੀਆਂ ਹਨ।ਭਾਰਤ ਸਰਕਾਰ ਵਲੋਂ ਇਸ ਫੌਜੀ ਹਮਲੇ ਨੂੰ ਸਹੀ ਕਰਾਰ ਦੇਣ ਲਈ ਪਾਰਲੀਮੈਂਟ ਦੇ ਮੌਨਸੂਨ ਸੈਸ਼ਨ ਸਮੇਂ ਜੋ “ਵ੍ਹਾਈਟ ਪੇਪਰ” ਜਾਰੀ ਕੀਤਾ ਗਿਆ, ਉਸ ਨੂੰ ਅਕਾਲੀ ਦਲ ਤੇ ਕਈ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੇ “ਝੁਠ ਦਾ ਪੁਲੰਦਾ” ਕਰਾਰ ਦਿਤਾ ਸੀ।
ਕਾਸ਼! ਉਨ੍ਹਾ ਦਿਨਾਂ ਵਿਚ ਅੱਜ ਵਰਗਾ ਆਜ਼ਾਦ ਤੇ ਮਜ਼ਬੂਤ ਪ੍ਰੈਸ ਹੁੰਦਾ ਅਤੇ ਅਜ ਵਰਗੇ ਅੰਗਰੇਜ਼ੀ,ਹਿੰਦੀ ਤੇ ਪੰਜਾਬੀ ਦੇ ਸਮਾਚਾਰ ਚੈਨਲ ਹੁੰਦੇ ਤਾਂ ਜੋ ਸਰਕਾਰੀ ਜ਼ੁਲਮ ਤਸ਼ੱਦਦ ਅਤੇ ਸਰਕਾਰ ਦੇ ਇਸ ਗੂਮਰਾਹਕੁੰਨ ਪ੍ਰਾਪੇਗੰਡੇ ਬਾਰੇ ਦੁਨੀਆਂ ਨੂੰ ਪਤਾ ਲਗਦਾ ਅਤੇ ਚੰਦਰ ਸ਼ੇਖਰ ਵਾਂਗ ਹੋਰ ਲੀਡਰ ਤੇ ਇਨਸਾਫ ਪਸੰਦ ਲੋਕ ਘਟੋ ਘੱਟ ਸਿੱਖਾਂ ਦੇ ਹੱਕ ਵਿਚ ਇਕ “ ਹਾਅ ਦਾ ਨਾਅਰਾ” ਤਾਂ ਮਾਰ ਦਿੰਦੇ।
# 194-ਸੀ, ਭਾਈ ਰਣਧੀਰ ਸਿੰਘ ਨਗਰ,ਲੁਧਿਆਣਾ,ਮੋ. 98762-95829
e-mail: <
This e-mail address is being protected from spam bots, you need JavaScript enabled to view it
>,
|