|
ਸ਼ਰੀਫ਼ ਭਰਾਵਾਂ ਨੂੰ ਅਦਾਲਤ ਵੱਲੋਂ ਰਾਹਤ |
|
|
ਚੋਣ ਲੜਨ ਤੇ ਰੋਕ ਸਬੰਧੀ ਫੈਸਲਾ ਪਲਟਿਆ
ਇਸਲਾਮਾਬਾਦ : 31 ਮਾਰਚ (ਏਜੰਸੀਆਂ) ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਵਿਰੋਧੀ ਧਿਰ ਦੇ ਆਗੂ ਨਵਾਜ਼ ਸ਼ਰੀਫ਼ ਤੇ ਉਨ੍ਹਾਂ ਦੇ ਭਰਾ ਸ਼ਾਹਬਾਜ਼ ਸ਼ਰੀਫ਼ ਦੇ ਚੋਣ ਲੜਨ ਸਬੰਧੀ ਲੱਗੀ ਰੋਕ ਦੇ ਫੈਸਲੇ ਨੂੰ ਪਲਟ ਦਿੱਤਾ ਹੈ। ਸੁਪਰੀਮ ਕੋਰਟ ਦੇ ਇਸ ਫੈਸਲਾ ਦਾ ਜਿੱਥੇ ਪਾਕਿਸਤਾਨ ਵਿੱਚ ਸਿਆਸੀ ਸਥਿਰਤਾ ਆਉਣ ਦੀ ਸੰਭਾਵਨਾ ਬਣੀ ਹੈ, ਉਥੇ ਮਹੱਤਵਪੂਰਨ ਪੰਜਾਬ ਸੂਬੇ ਵਿੱਚ ਪੀਐਮਐਲ-ਐਨ ਸਰਕਾਰ ਦੀ ਬਹਾਲੀ ਦਾ ਰਾਹ ਸਾਫ਼ ਹੋ ਗਿਆ ਹੈ। ਜਸਟਿਸ ਤੱਸਾਦੁਕ ਹੁਸੈਨ ਦੀ ਅਗਵਾਈ ਵਾਲੇ 5 ਮੈਂਬਰੀ ਬੈਂਚ ਨੇ ਸ਼ਰੀਫ਼ ਭਰਾਵਾਂ ਦੇ ਚੋਣ ਲੜਨ ਤੇ ਸੰਵਿਧਾਨਿਕ ਅਹੁਦੇ ਸੰਭਾਲਣ ੱਤੇ ਪਾਬੰਦੀ ਲਗਾਉਣ ਦੇ ਫੈਸਲੇ ਨੂੰ ਰੋਕ ਦਿੱਤਾ ਹੈ। ਸੁਪਰੀਮ ਕੋਰਟ ਦੇ ਫੈਸਲੇ ਨੂੰ ਸੁਣਦਿਆਂ ਹੀ ਨਵਾਜ਼ ਦੀ ਪਾਰਟੀ ਪੀਐਮਐਲ-ਐਨ ਦੇ ਸਮਰਥਕਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਦੂਜੇ ਪਾਸੇ ਬੀਤੇ ਕੱਲ੍ਹ ਪੁਲਿਸ ਟ੍ਰੇਨਿੰਗ ਅਕਾਦਮੀ ਤੇ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨੀ ਤਾਲਿਬਾਨ ਦੇ ਮੁਖੀ ਬੈਤੁੱਲਾ ਮਹਿਸੂਦ ਨੇ ਲਈ ਹੈ। ਸਥਾਨਕ ਜੀਓ ਚੈਨਲ ਨੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਹੈ। ਜ਼ਿਕਰਯੋਗ ਹੈ ਕਿ ਬੈਤੁੱਲਾ ਦਾ ਨਾਂ ਬੇਨਜ਼ੀਰ ਭੁੱਟੋ ਦੇ ਕਤਲ ਕਾਂਡ ਵਿੱਚ ਵੀ ਆਉਂਦਾ ਹੈ।
ਨਵਾਜ਼ ਸ਼ਰੀਫ਼ ਸਬੰਧੀ ਫੈਸਲੇ ਤੇ ਟਿੱਪਣੀ ਕਰਦਿਆਂ ਪੀਐਮਐਲ-ਐਨ ਆਗੂ ਰਜ਼ਾ ਜਫ਼ਰ ਉਲ ਹੱਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਾਹਬਾਜ਼ ਸ਼ਰੀਫ਼ ਨੂੰ ਨਾ ਸਿਰਫ਼ ਪੰਜਾਬ ਵਿਧਾਨ ਸਭਾ ਦਾ ਮੈਂਬਰ ਐਲਾਨਿਆ ਗਿਆ ਹੈ, ਸਗੋਂ ਉਹ ਅੱਜ ਮੁੱਖ ਮੰਤਰੀ ਦਾ ਅਹੁਦਾ ਦੁਬਾਰਾ ਸੰਭਾਲਣਗੇ। ਉਨ੍ਹਾਂ ਕਿਹਾ ਕਿ ਇਹ ਲੋਕਤੰਤਰ ਤੇ ਨਵਾਜ਼ ਸ਼ਰੀਫ਼ ਦੀ ਅਗਵਾਈ ਦੀ ਜਿੱਤ ਹੈ। ਇਸੇ ਦਰਮਿਆਨ ਪੰਜਾਬ ਸੂਬੇ ਵਿੱਚ ਪੀਐਮਐਲ-ਐਨ ਸਰਕਾਰ ਦੀ ਬਹਾਲੀ ੱਤੇ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਸ਼ਾਹਬਾਜ਼ ਸ਼ਰੀਫ ਨੂੰ ਵਧਾਈ ਦਿੱਤੀ ਹੈ। ਦੱਸਣਾ ਬਣਦਾ ਹੈ ਕਿ ਬੀਤੇ ਕੱਲ੍ਹ ਹੀ ਰਾਸ਼ਟਰਪਤੀ ਨੇ ਪੰਜਾਬ ਸੂਬੇ ਵਿੱਚੋਂ ਰਾਸ਼ਟਰਪਤੀ ਰਾਜ ਹਟਾਉਣ ਦਾ ਐਲਾਨ ਕੀਤਾ ਸੀ। ਇੱਥੇ ਇਹ ਜ਼ਿਕਰਯੋਗ ਹੈ ਕਿ ਪੰਜਾਬ ਸੂਬੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਤੋਂ ਬਾਅਦ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਉਥੇ ਇੱਕ ਗਵਰਨਰ ਦੀ ਨਿਯੁਕਤੀ ਕਰ ਦਿੱਤੀ ਸੀ, ਜੋ ਅਸਿੱਧੇ ਤੌਰ ੱਤੇ ਕੇਂਦਰ ਸਰਕਾਰ ਨੂੰ ਜਵਾਬਦੇਹ ਸੀ। ਜ਼ਰਦਾਰੀ ਦੇ ਇਸ ਫੈਸਲੇ ਤੋਂ ਬਾਅਦ ਦੇਸ਼ ਵਿੱਚ ਸਿਆਸੀ ਭੁਚਾਲ ਆ ਗਿਆ ਸੀ। ਇਸੇ ਤਰ੍ਹਾਂ ਕੁਝ ਦਿਨ ਪਹਿਲਾਂ ਲਾਹੌਰ ਹਾਈਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਉਪ ਚੋਣ ਲੜਨ ੱਤੇ ਰੋਕ ਲਗਾ ਦਿੱਤੀ ਸੀ। ਪਰ ਹੁਣ ਸੁਪਰੀਮ ਕੋਰਟ ਨੇ 25 ਫਰਵਰੀ ਦੇ ਆਪਣੇ ਫੈਸਲੇ ਨੂੰ ਖ਼ੁਦ ਰੱਦ ਕਰ ਦਿੱਤਾ ਹੈ।
ਉਸ ਸਮੇਂ ਲਾਹੌਰ ਹਾਈਕੋਰਟ ਨੇ ਕਿਹਾ ਸੀ ਕਿ ਨਵਾਜ਼ ਸ਼ਰੀਫ਼ ਨੂੰ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਜਾ ਚੁੱਕਿਆ ਹੈ ਇਸ ਲਈ ਉਨ੍ਹਾਂ ਨੂੰ ਚੋਣ ਲੜਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਅਦਾਲਤ ਵੱਲੋਂ ਨਵਾਜ਼ ਸ਼ਰੀਫ਼ ਨੂੰ 1999 ਵਿੱਚ ਉਸ ਸਮੇਂ ਦੇ ਪਾਕਿਸਤਾਨ ਫੌਜ ਮੁਖੀ ਜਨਰਲ ਪ੍ਰਵੇਜ਼ ਮੁਸ਼ੱਰਫ਼ ਦੇ ਜਹਾਜ਼ ਨੂੰ ਅਗਵਾ ਕਰਨ ਦਾ ਦੋਸ਼ੀ ਮੰਨਿਆ ਗਿਆ ਸੀ, ਇਸੇ ਆਧਾਰ ਤੇ ਉਨ੍ਹਾਂ ਨੂੰ ਚੋਣ ਲੜਨ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ। ਇਸ ਕਥਿਤ ਜਹਾਜ਼ ਅਗਵਾ ਕਾਂਡ ਦੀ ਸਾਜਿਸ਼ ਤੋਂ ਬਾਅਦ ਹੀ ਨਵਾਜ਼ ਸ਼ਰੀਫ਼ ਦਾ ਤਖ਼ਤਾ ਪਲਟਿਆ ਗਿਆ ਸੀ।
|