|
ਕਾਬੁਲ ਦੇ ਹੋਟਲ ’ਚ ਤਾਲਿਬਾਨ ਹਮਲਾ, 18 ਲੋਕ ਮਰੇ |
|
|
ਕਾਬੁਲ. 22 ਜੂਨ:-ਅਫ਼ਗਾਨਿਸਤਾਨ ਵਿਚ ਅੱਜ ਤਾਲਿਬਾਨ ਨੇ ਕਾਬੁਲ ਦੇ ਉੱਤਰੀ ਪਾਸੇ ਸਥਿਤ ਇਕ ਹੋਟਲ ਵਿਚ ਦਾਖਲ ਹੋ ਕੇ 17 ਵਿਅਕਤੀਆਂ ਨੂੰ ਮਾਰ ਦਿੱਤਾ, ਜਿਨ੍ਹਾਂ ਵਿੱਚੋਂ ਬਹੁਤੇ ਆਮ ਨਾਗਰਿਕ ਹਨ। ਹੋਟਲ ਵਿਚ ਮਹਿਮਾਨਾਂ ਨੂੰ ਬੰਦੀ ਬਣਾਉਣ ਮਗਰੋਂ ਸੁਰੱਖਿਆ ਬਲਾਂ ਤੇ ਤਾਲਿਬਾਨ ਵਿਚਾਲੇ ਮੁਕਾਬਲਾ 12 ਘੰਟਿਆਂ ਤਕ ਚਲਿਆ। ਕਾਬੁਲ ਪੁਲੀਸ ਅਨੁਸਾਰ ਪੰਜਵਾਂ ਤੇ ਆਖਰੀ ਹਮਲਾਵਰ ਦੁਪਹਿਰ ਨੂੰ ਮਾਰਿਆ ਗਿਆ।ਇਹ ਹੋਟਲ ਰਾਜਧਾਨੀ ਤੋਂ ਕਰੀਬ ਅੱਧੇ ਘੰਟੇ ਦੀ ਦੂਰੀ ’ਤੇ ਹੈ ਤੇ ਇਹ ਹਮਲੇ ਤੋਂ ਸਾਫ਼ ਹੋ ਗਿਆ ਹੈ ਕਿ ਤਾਲਿਬਾਨ ਹਾਲੇ ਵੀ ਸਰਕਾਰ ਦੇ ਅੰਦਰ ਤਕ ਮਾਰ ਕਰਨ ਦੀ ਸਮਰੱਥਾ ਰੱਖਦੇ ਹਨ। ਅਫ਼ਗਾਨ ਥਲ ਸੈਨਾ ਦੇ ਕਮਾਂਡਰ ਜਨਰਲ ਕਦਮ ਸ਼ਾਹ ਨੇ ਦੱਸਿਆ ਕਿ ਤਾਲਿਬਾਨ ਹਮਲੇ ਵਿਚ
12 ਅਫ਼ਗਾਨ ਨਾਗਰਿਕ, ਚਾਰ ਸੁਰੱਖਿਆ ਜਵਾਨ ਤੇ ਇਕ ਪੁਲੀਸ ਅਧਿਕਾਰੀ ਮਾਰਿਆ ਗਿਆ। ਕਾਬੁਲ ਪੁਲੀਸ ਦੇ ਮੁਖੀ ਮੁਹੰਮਦ ਅਯੂਬ ਸਲਾਂਗੀ ਮੁਤਾਬਕ ਮਸ਼ੀਨਗੰਨਾਂ ਗਰਨੇਡਾਂ ਤੇ ਭਾਰੀ ਅਸਲੇ ਸਣੇ ਪੰਜ ਅਤਿਵਾਦੀ ਹੋਟਲ ਵਿਚ ਬੀਤੀ ਅੱਧੀ ਰਾਤ ਨੂੰ ਦਾਖਲ ਹੋਏ ਤੇ ਦੋ ਮੰਜ਼ਿਲਾ ਹੋਟਲ ’ਚ ਮਹਿਮਾਨਾਂ ਨੂੰ ਬੰਦੀ ਬਣਾ ਲਿਆ। ਸਥਾਨਕ ਸੁਰੱਖਿਆ ਦਸਤਿਆਂ ਨੇ ਨਾਟੋ ਫੌਜਾਂ ਦੀ ਮਦਦ ਨਾਲ ਹਮਲਾਵਰਾਂ ਨੂੰ ਮਾਰ ਮੁਕਾਇਆ। ਇਸ ਕਾਰਵਾਈ ’ਚ ਹੈਲੀਕਾਪਟਰ ਦੀ ਵਰਤੋਂ ਵੀ ਕੀਤੀ ਗਈ।
|