|
ਪੰਜਾਬ ਵਿੱਚ ਸਾਲਾਨਾ 400 ਕਰੋੜ ਰੁਪਏ ਦੇ ਟੈਕਸਾਂ ਦੀ ਚੋਰੀ? |
|
ਬਠਿੰਡਾ. 20 ਜੂਨ:-ਪੰਜਾਬ ਵਿੱਚ ਸਾਲਾਨਾ 400 ਰੁਪਏ ਕਰੋੜ ਰੁਪਏ ਦੇ ਸੇਲ ਟੈਕਸਾਂ ਦੀ ਚੋਰੀ ਹੁੰਦੀ ਹੈ? ਇਹ ਟੈਕਸ ਚੋਰੀ ਰੇਲ ਰਸਤੇ ਰਾਹੀਂ ਹੁੰਦੀ ਹੈ, ਜਿਸ ਦਾ ਭੇਤ ਹੁਣ ਖੁੱਲ੍ਹਣ ਲੱਗਿਆ ਹੈ। ਕਰ ਅਤੇ ਆਬਕਾਰੀ ਵਿਭਾਗ ਦੇ ਇਨਫੋਰਸਮੈਂਟ ਵਿੰਗ ਵੱਲੋਂ ਇਹ ਅੰਦਾਜ਼ਾ ਲਾਇਆ ਗਿਆ ਹੈ ਕਿ ਹਰ ਵਰ੍ਹੇ ਰੇਲ ਰਸਤੇ ਰਾਹੀਂ 4000 ਹਜ਼ਾਰ ਕਰੋੜ ਰੁਪਏ ਦਾ ਮਾਲ ਪੰਜਾਬ ਤੋਂ ਬਾਹਰ ਆਉਂਦਾ/ਜਾਂਦਾ ਹੈ, ਜਿਸ ਵਿੱਚ ਕਰੋੜਾਂ ਰੁਪਏ ਦੇ ਸੇਲ ਟੈਕਸ ਦੀ ਚੋਰੀ ਹੁੰਦੀ ਹੈ।
ਬਠਿੰਡਾ ਜੰਕਸ਼ਨ ’ਤੇ ਕਰੋੜਾਂ ਰੁਪਏ ਦੀ ਸੇਲ ਟੈਕਸ ਚੋਰੀ ਦਾ ਮਾਮਲਾ ਇਨਫੋਰਸਮੈਂਟ ਵਿੰਗ ਵੱਲੋਂ ਫੜਿਆ ਗਿਆ ਸੀ। ਉਸ ਮਗਰੋਂ ਇਨਫੋਰਸਮੈਂਟ ਵਿੰਗ ਫ਼ਰੀਦਕੋਟ ਅਤੇ ਫ਼ਿਰੋਜ਼ਪੁਰ (ਐਟ ਬਠਿੰਡਾ) ਦੇ ਜੁਆਇੰਟ ਡਾਇਰੈਕਟਰ ਵਾਈ.ਐਸ. ਮਾਟਾ ਨੇ ਰੇਲ ਮਹਿਕਮੇ ਨੂੰ ਤਲਬ ਕਰ ਲਿਆ ਸੀ। ਹੁਣ ਜਦੋਂ ਰੇਲ ਮਹਿਕਮੇ ਨੇ ਰੇਲ ਰਸਤੇ ਪੰਜਾਬ ਤੋਂ ਬਾਹਰ ਭੇਜੇ ਮਾਲ ਦਾ ਰਿਕਾਰਡ ਦੇਣ ਤੋਂ ਆਨਾਕਾਨੀ ਸ਼ੁਰੂ ਕਰ ਦਿੱਤੀ ਹੈ ਤਾਂ ਇਨਫੋਰਸਮੈਂਟ ਵਿੰਗ ਨੂੰ ਮਾਮਲਾ ਸ਼ੱਕੀ ਜਾਪਣ ਲੱਗਿਆ ਹੈ।
ਇਨਫੋਰਸਮੈਂਟ ਵਿੰਗ ਨੇ ਲੁਧਿਆਣਾ ਵਿੱਚ ਪਿਛਲੇ ਦਿਨਾਂ ਵਿੱਚ ਟੈਕਸ ਚੋਰੀ ਦਾ ਮਾਮਲਾ ਫੜਿਆ ਸੀ ਅਤੇ ਉਥੇ ਕਰੀਬ 50 ਲੱਖ ਰੁਪਏ ਦਾ ਜੁਰਮਾਨਾ ਕੀਤਾ ਸੀ। ਬਠਿੰਡਾ ਜੰਕਸ਼ਨ ’ਤੇ ਇਸ ਮਹੀਨੇ ਪਹਿਲੀ ਦਫ਼ਾ ਟੈਕਸ ਚੋਰੀ ਦਾ ਮਾਲ ਫੜਿਆ ਗਿਆ ਸੀ ਅਤੇ 299 ਨਗ ਸੀਲ ਕੀਤੇ ਗਏ ਸਨ। ਇਸ ਤਰ੍ਹਾਂ ਫ਼ਿਰੋਜ਼ਪੁਰ ਵਿੱਚ ਕਰੀਬ 9 ਲੱਖ ਰੁਪਏ ਦਾ ਜੁਰਮਾਨਾ ਵਪਾਰੀਆਂ ਨੂੰ ਕੀਤਾ ਗਿਆ ਸੀ। ਜਦੋਂ ਉਪਰੋਥਲੀ ਇਹ ਮਾਮਲੇ ਸਾਹਮਣੇ ਆਏ ਤਾਂ ਇਨਫੋਰਸਮੈਂਟ ਵਿੰਗ ਨੇ ਉੱਤਰੀ ਰੇਲਵੇ ਦੇ ਚੀਫ ਕਮਰਸ਼ੀਅਲ ਇੰਜਨੀਅਰ ਤੋਂ ਸਾਲ 2005-06 ਤੋਂ ਹੁਣ ਤੱਕ ਰੇਲ ਮਾਰਗ ਰਾਹੀਂ ਪੰਜਾਬ ਤੋਂ ਬਾਹਰ ਗਏ ਮਾਲ ਅਤੇ ਬਾਹਰ ਤੋਂ ਪੰਜਾਬ ਆਉਣ ਵਾਲੇ ਮਾਲ ਦੀ ਬੁਕਿੰਗ ਦਾ ਰਿਕਾਰਡ ਮੰਗ ਲਿਆ ਸੀ। ਰੇਲ ਮਹਿਕਮੇ ਨੇ ਇਹ ਰਿਕਾਰਡ ਦੇਣ ਤੋਂ ਟਾਲਾ ਵੱਟਿਆ ਹੋਇਆ ਹੈ। ਸੂਤਰ ਦੱਸਦੇ ਹਨ ਕਿ ਪੰਜਾਬ ਦੇ ਵਪਾਰੀ ਰੇਲਵੇ ਰਾਹੀਂ ਆਪਣਾ ਮਾਲ ਦੂਜੇ ਰਾਜਾਂ ਵਿੱਚ ਭੇਜਦੇ ਹਨ, ਜਿਨ੍ਹਾਂ ਦੀ ਸੂਚਨਾ ਕਰ ਅਤੇ ਆਬਕਾਰੀ ਵਿਭਾਗ ਕੋਲ ਨਹੀਂ ਹੁੰਦੀ ਅਤੇ ਨਾ ਹੀ ਰੇਲ ਮਹਿਕਮੇ ਵੱਲੋਂ ਕਰ ਅਤੇ ਆਬਕਾਰੀ ਵਿਭਾਗ ਨੂੰ ਕੋਈ ਸੂਚਨਾ ਦਿੱਤੀ ਜਾਂਦੀ ਹੈ, ਜਿਸ ਕਰਕੇ ਟੈਕਸ ਚੋਰੀ ਦਾ ਕਾਰੋਬਾਰ ਚਲਦਾ ਰਹਿੰਦਾ ਹੈ। ਇਨਫੋਰਸਮੈਂਟ ਵਿੰਗ ਹੁਣ ਇਸ ਮਾਮਲੇ ਵਿੱਚ ਟੈਕਸ ਚੋਰੀ ਦਾ ਵੱਡਾ ਘਪਲਾ ਨੰਗਾ ਹੋਣ ਦਾ ਅਨੁਮਾਨ ਲਾ ਰਿਹਾ ਹੈ।ਇਨਫੋਰਸਮੈਂਟ ਵਿੰਗ ਦੇ ਜੁਆਇੰਟ ਡਾਇਰੈਕਟਰ ਕੈਪਟਨ ਵਾਈ.ਐਸ. ਮਾਟਾ ਨੇ ਬਠਿੰਡਾ ਜੰਕਸ਼ਨ ’ਤੇ ਟੈਕਸ ਚੋਰੀ ਦਾ ਮਾਲ ਫੜਨ ਮਗਰੋਂ ਉੱਤਰੀ ਰੇਲਵੇ ਦੇ ਚੀਫ ਕਮਰਸ਼ੀਅਲ ਮੈਨੇਜਰ ਨੂੰ ਸਾਲ 2005-06 ਤੋਂ ਹੁਣ ਤੱਕ ਵਪਾਰੀਆਂ ਵੱਲੋਂ ਬਾਹਰ ਭੇਜੇ ਮਾਲ ਅਤੇ ਬਾਹਰੋਂ ਮੰਗਵਾਏ ਮਾਲ ਦੀ ਬੁਕਿੰਗ ਦਾ ਰਿਕਾਰਡ 20 ਜੂਨ ਤੱਕ ਦੇਣ ਲਈ ਆਖਿਆ ਸੀ। ਅੱਜ ਰੇਲਵੇ ਦਾ ਕੋਈ ਵੀ ਅਧਿਕਾਰੀ ਪੇਸ਼ ਨਾ ਹੋਇਆ। ਅੱਜ ਸ੍ਰੀ ਮਾਟਾ ਨੇ ਰੇਲਵੇ ਅਧਿਕਾਰੀਆਂ ਨੂੰ 14 ਦਿਨਾਂ ਦਾ ਸਮਾਂ ਹੋਰ ਦੇ ਦਿੱਤਾ ਹੈ ਅਤੇ ਚਾਰ ਜੁਲਾਈ ਤੱਕ ਬੁਕਿੰਗ ਦਾ ਸਾਰਾ ਰਿਕਾਰਡ ਪੇਸ਼ ਕਰਨ ਵਾਸਤੇ ਆਖਿਆ ਹੈ। ਸ੍ਰੀ ਮਾਟਾ ਨੇ ਦੱਸਿਆ ਕਿ ਜੇ 4 ਜੁਲਾਈ ਨੂੰ ਰੇਲਵੇ ਆਪਣਾ ਰਿਕਾਰਡ ਪੇਸ਼ ਨਹੀਂ ਕਰਦਾ ਤਾਂ ਉਹ ਆਪਣੀਆਂ ਨਿਆਂਇਕ ਤਾਕਤਾਂ ਦੀ ਵਰਤੋਂ ਕਰਦੇ ਹੋਈ ਉੱਤਰੀ ਰੇਲਵੇ ਦੇ ਚੀਫ ਕਮਰਸ਼ੀਅਲ ਮੈਨੇਜਰ, ਫਿਰੋਜ਼ਪੁਰ ਦੇ ਡੀ.ਆਰ.ਐਮ. ਖਿਲਾਫ਼ ਸਖ਼ਤ ਕਾਰਵਾਈ ਕਰਨਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਮੁੱਢਲੇ ਹਾਲਾਤ ਤੋਂ ਲੱਗਦਾ ਹੈ ਕਿ ਪੰਜਾਬ ਵਿੱਚ ਸਾਲਾਨਾ 400 ਕਰੋੜ ਰੁਪਏ ਦੇ ਸੇਲ ਟੈਕਸ ਦੀ ਚੋਰੀ ਹੁੰਦੀ ਹੈ, ਜਿਸ ਵਿੱਚ ਰੇਲ ਵਿਭਾਗ ਵੀ ਭਾਗੀਦਾਰ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ 10 ਤੋਂ 12 ਕਰੋੜ ਰੁਪਏ ਦਾ ਮਾਲ ਪੰਜਾਬ ਤੋਂ ਬਾਹਰ ਆਉਂਦਾ/ਜਾਂਦਾ ਹੈ ਅਤੇ ਸਾਲਾਨਾ 4000 ਕਰੋੜ ਰੁਪਏ ਦਾ ਮਾਲ ਆਉਂਦਾ/ਜਾਂਦਾ ਹੈ, ਜਿਸ ਤੋਂ ਲੱਗਦਾ ਹੈ ਕਿ ਸਾਲਾਨਾ 400 ਕਰੋੜ ਦੇ ਸੇਲ ਟੈਕਸ ਦੀ ਚੋਰੀ ਹੁੰਦੀ ਹੈ। ਉਨ੍ਹਾਂ ਆਖਿਆ ਕਿ ਉਹ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨਗੇ।
|