|
ਖੰਨਾ ਪੇਪਰ ਮਿੱਲ ’ਚ ਲੱਗੀ ਅੱਗ ’ਤੇ ਕਾਬੂ |
|
|
ਅੰਮ੍ਰਿਤਸਰ. 16 ਜੂਨ:-ਖੰਨਾ ਪੇਪਰ ਮਿੱਲ ਵਿਖੇ ਚਾਰ ਦਿਨ ਪਹਿਲਾਂ ਲੱਗੀ ਅੱਗ ’ਤੇ ਮੁਕੰਮਲ ਤੌਰ ’ਤੇ ਕਾਬੂ ਪਾ ਲੈਣ ਮਗਰੋਂ ਇੱਥੇ ਤਾਇਨਾਤ ਅੱਗ ਬੁਝਾਊ ਦਸਤਿਆਂ ਦੇ 26 ਵਾਹਨ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵਾਪਸ ਭੇਜ ਦਿੱਤੇ ਗਏ ਹਨ।ਇਸ ਦੌਰਾਨ ਮਿੱਲ ਦੇ ਡਾਇਰੈਕਟਰ ਸੁਨੀਤ ਕੋਛੜ ਨੇ ਦੱਸਿਆ ਕਿ ਹੁਣ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਮਿੱਲ ਦਾ ਪਾਵਰ ਪਲਾਂਟ ਵੀ ਚਾਲੂ ਕਰ ਦਿੱਤਾ ਗਿਆ। ਇਸ ਮੁਹਿੰਮ ਦੌਰਾਨ ਅੱਗ ਬੁਝਾਉਣ ਲਈ ਯਤਨ ਕਰ ਰਹੇ ਸਬ ਫਾਇਰ ਅਫਸਰ ਤਿਰਲੋਚਨ ਸਿੰਘ ਨੇ ਦੱਸਿਆ ਕਿ 95 ਫੀਸਦੀ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ। ਇਸ ਲਈ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਮੰਗਵਾਏ ਗਏ ਅੱਗ ਬੁਝਾਊ ਵਾਹਨ ਵਾਪਸ ਭੇਜ ਦਿੱਤੇ ਹਨ ਅਤੇ ਬਾਕੀ ਰਹਿੰਦੇ ਕੰਮ ਲਈ ਸਥਾਨਕ ਅੱਗ ਬੁਝਾਊ ਦਸਤੇ ਨੂੰ ਤਾਇਨਾਤ ਕੀਤਾ ਗਿਆ।
ਡਿਪਟੀ ਕਮਿਸ਼ਨਰ ਰਜਤ ਅਗਰਵਾਲ ਨੇ ਆਖਿਆ ਕਿ ਦਸ ਏਕੜ ਰਕਬੇ ਵਿੱਚ ਮੁੜ ਵਰਤੋਂ ਲਈ ਰੱਖੇ ਕਾਗਜ਼ ਦੇ ਵੱਡੇ ਭੰਡਾਰ ਨੂੰ ਲੱਗੀ ਇਸ ਅੱਗ ਨੂੰ ਬੁਝਾਉਣ ਲਈ ਵੱਖ-ਵੱਖ ਜ਼ਿਲ੍ਹਿਆਂ ’ਚੋਂ ਅੱਗ ਬੁਝਾਊ ਦਸਤੇ ਸੱਦੇ ਗਏ ਸਨ। ਇਸ ਤੋਂ ਇਲਾਵਾ ਫੌਜ ਅਤੇ ਹਵਾਈ ਅੱਡੇ ’ਤੇ ਤਾਇਨਾਤ ਅੱਗ ਬੁਝਾਊ ਦਸਤੇ ਨੂੰ ਵੀ ਸੱਦਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰਿਆਂ ਦੇ ਸਹਿਯੋਗ ਨਾਲ ਹੀ ਇਸ ਵੱਡੇ ਪੱਧਰ ’ਤੇ ਲੱਗੀ ਅੱਗ ’ਤੇ ਕਾਬੂ ਪਾਇਆ ਗਿਆ ਹੈ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਣ ਦਿੱਤਾ ਗਿਆ।
|