|
ਤਾਰਾ ਨੀਲਾ ਸਾਕਾ ਯਾਦਗਾਰ ਬਾਰੇ ਸਾਰੇ ਸ਼ੰਕੇ ਨਿਰਮੂਲ: ਹਰਨਾਮ ਸਿੰਘ ਖਾਲਸਾ |
|
ਅੰਮ੍ਰਿਤਸਰ. 15 ਜੂਨ:-ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਆਖਿਆ ਕਿ ਟਕਸਾਲ ਸੂਬੇ ਵਿੱਚ ਭਾਈਚਾਰਕ ਸਾਂਝ ਦੀ ਸਮਰੱਥਕ ਹੈ ਅਤੇ ਸਾਕਾ ਨੀਲਾ ਤਾਰਾ ਦੀ ਯਾਦ ਵਿੱਚ ਬਣਾਈ ਜਾ ਰਹੀ ਸ਼ਹੀਦੀ ਯਾਦਗਾਰ ਸਬੰਧੀ ਸਾਰੇ ਸ਼ੰਕੇ ਨਿਰਮੂਲ ਹਨ।ਅੱਜ ਬਾਬਾ ਹਰਨਾਮ ਸਿੰਘ ਖਾਲਸਾ ਨੇ ਆਖਿਆ ਕਿ ਇਸ ਯਾਦਗਾਰ ਦੀ ਉਸਾਰੀ ਬਾਰੇ ਕੁਝ ਰਾਜਨੀਤਕ ਪਾਰਟੀਆਂ ਅਤੇ ਹੋਰ ਵਰਗਾਂ ਵੱਲੋਂ ਕਿੰਤੂ-ਪ੍ਰੰਤੂ ਕਰਦਿਆਂ ਕਈ ਤਰ੍ਹਾਂ ਦੇ ਖਦਸ਼ੇ ਪ੍ਰਗਟਾਏ ਜਾ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਅਜਿਹੇ ਖਦਸ਼ੇ ਆਧਾਰ ਰਹਿਤ ਅਤੇ ਨਿਰਮੂਲ ਹਨ। ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ, ਭਾਈਚਾਰਕ ਸਾਂਝ ਵਿੱਚ ਵਿਸ਼ਵਾਸ ਰੱਖਦੀ ਹੈ ਅਤੇ ਸ਼ੁਰੂ ਤੋਂ ਹੀ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ’ਤੇ ਚਲਦਿਆਂ
ਮਨੁੱਖਤਾ ਦੀ ਸੇਵਾ ਵਿਚ ਲੱਗੀ ਹੋਈ ਹੈ। ਉਨ੍ਹਾ ਆਖਿਆ ਕਿ ਸਾਕਾ ਨੀਲਾ ਤਾਰਾ ਦੀ ਯਾਦ ਵਿਚ ਯਾਦਗਾਰ ਵਜੋਂ ਸਿਰਫ ਇਕ ਗੁਰਦੁਆਰਾ ਹੀ ਉਸਾਰਿਆ ਜਾ ਰਿਹਾ ਹੈ, ਜੋ ਸ੍ਰੀ ਅਕਾਲ ਤਖ਼ਤ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰੰਪਰਾ ਅਨੁਸਾਰ ਹੀ ਹੋਵੇਗਾ। ਇਸ ਯਾਦਗਾਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇਗਾ, ਜਿਸ ਤੋਂ ਆਉਣ ਵਾਲੀਆਂ ਪੀੜੀਆਂ ਉਤਸ਼ਾਹ ਪ੍ਰਾਪਤ ਕਰਨਗੀਆਂ। ਉਨ੍ਹਾਂ ਸਮੂਹ ਸਿਆਸੀ ਪਾਰਟੀਆਂ, ਸਮਾਜ ਦੇ ਸਾਰੇ ਵਰਗਾਂ ਅਤੇ ਭਾਈਚਾਰਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਉਸਾਰੀ ਅਧੀਨ ਯਾਦਗਾਰ ਸਬੰਧੀ ਕਿਸੇ ਤਰ੍ਹਾਂ ਦੇ ਵੀ ਭਰਮ ਭੁਲੇਖੇ ਅਤੇ ਅਸ਼ੰਕੇ ਆਪਣੇ ਮਨ ਵਿੱਚ ਨਾ ਰੱਖਣ, ਸਗੋਂ ਇਸਦੀ ਉਸਾਰੀ ਲਈ ਆਪਣਾ ਸਹਿਯੋਗ ਦੇਣ।
|