|
‘ਪੁਲੀਸ ਅਫਸਰਾਂ ਦੀ ਅਣਗਹਿਲੀ ਕਾਰਨ ਵਾਪਰਿਆ ਬੁੜੈਲ ਜੇਲ੍ਹ ਕਾਂਡ’ |
|
ਚੰਡੀਗੜ੍ਹ.15 ਮਈ:-ਬੱਬਰ ਖਾਲਸਾ ਇੰਟਰਨੈਸ਼ਨਲ ਦੇ ਜਗਤਾਰ ਸਿੰਘ ਹਵਾਰਾ ਅਤੇ ਉਸ ਦੇ ਸਾਥੀ ਪਰਮਜੀਤ ਸਿੰਘ ਭਿਉਰਾ ਨੂੰ ਅੱਜ ਇੱਥੇ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੇਸ਼ੀ ਮੌਕੇ ਡੀ.ਐਸ.ਪੀ. ਜਗਬੀਰ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਸੁਰੰਗ ਪੁੱਟਣ ਦੀ ਘਟਨਾ ਅਧਿਕਾਰੀਆਂ ਦੀ ਅਣਗਿਹਲੀ ਕਾਰਨ ਵਾਪਰੀ ਹੈ। ਇਸੇ ਦੌਰਾਨ ਅਦਾਲਤ ਨੇ ਪੇਸ਼ੀ ਮੌਕੇ ਮੁਲਜ਼ਮ ਹਵਾਰਾ ਨੂੰ ਘਰ ਦਾ ਤਿਆਰ ਕੀਤਾ ਭੋਜਨ ਖਾਣ ਦੀ ਆਗਿਆ ਦੇ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਦੋਹਾਂ ਮੁਲਜ਼ਮਾਂ ਨੂੰ ਅੱਜ ਤਿਹਾੜ ਜੇਲ੍ਹ, ਦਿੱਲੀ ਤੋਂ ਲਿਆ ਕੇ ਇੱਥੋਂ ਦੀ ਅਦਾਲਤ ਵਿੱਚ ਬੁੜੈਲ ਜੇਲ੍ਹ ਤੋੜਨ ਦੀ ਸਾਜ਼ਿਸ ਰਚਣ ਦੇ ਕੇਸ ਵਿੱਚ ਪੇਸ਼ ਕੀਤਾ ਗਿਆ। ਪੇਸ਼ੀ ਦੌਰਾਨ ਮੁਲਜ਼ਮਾਂ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਜਗਤਾਰ ਸਿੰਘ ਹਵਾਰਾ ਨੂੰ ਪੇਟ ਦਰਦ ਦੀ ਤਕਲੀਫ ਰਹਿੰਦੀ ਹੈ ਅਤੇ ਡਾਕਟਰਾਂ ਵੱਲੋਂ ਉਸ ਨੂੰ ਜੇਲ੍ਹ ਅਤੇ ਬਾਹਰ ਦਾ ਖਾਣਾ ਖਾਣ ਤੋਂ ਮਨ੍ਹਾ ਕੀਤਾ ਗਿਆ ਹੈ। ਵਕੀਲ ਨੇ ਅਦਾਲਤ ਅੱਗੇ ਹਵਾਰਾ ਦਾ ਇਲਾਜ ਕਰ ਰਹੇ ਡਾਕਟਰ ਦੀ ਰਿਪੋਰਟ ਵੀ ਪੇਸ਼ ਕੀਤੀ। ਇਸ ’ਤੇ ਅਦਾਲਤ ਵੱਲੋਂ ਉਸ ਨੂੰ ਪੇਸ਼ੀ ਮੌਕੇ ਘਰ ਦਾ ਤਿਆਰ ਕੀਤਾ
ਖਾਣਾ ਖਾਣ ਦੀ ਇਜਾਜ਼ਤ ਦੇ ਦਿੱਤੀ ਗਈ। ਨਾਲ ਹੀ ਅਦਾਲਤ ਨੇ ਪੇਸ਼ੀ ਮੌਕੇ ਮੌਜੂਦ ਦਿੱਲੀ ਪੁਲੀਸ ਦੇ ਸਹਾਇਕ ਕਮਿਸ਼ਨਰ ਨੂੰ ਕਿਹਾ ਕਿ ਮੁਲਜ਼ਮ ਨੂੰ ਖਾਣਾ ਦੇਣ ਤੋਂ ਪਹਿਲਾਂ ਇਸ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਅਤੇ ਖਾਣੇ ਦਾ ਕੁਝ ਹਿੱਸਾ ਮੇਜ਼ਬਾਨ ਨੂੰ ਖਾਣ ਲਈ ਵੀ ਕਿਹਾ ਜਾਵੇ। ਅੱਜ ਪੇਸ਼ੀ ਤੋਂ ਬਾਅਦ ਮੁਲਜ਼ਮ ਦੀ ਭੈਣ ਨੂੰ ਸੈਕਟਰ 17 ਦੇ ਥਾਣੇ ਵਿੱਚ ਜਾ ਕੇ ਖਾਣਾ ਮੁਲਜ਼ਮ ਹਵਾਲੇ ਕਰਨ ਦੀ ਆਗਿਆ ਦਿੱਤੀ ਗਈ। ਹਵਾਰਾ ਦੇ ਵਕੀਲ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਖਾਣੇ ਲਈ ਆਗਿਆ ਅਦਾਲਤ ਤੋਂ ਹਰ ਪੇਸ਼ੀ ਮੌਕੇ ਲੈਣੀ ਪਿਆ ਕਰੇਗੀ।ਕੇਸ ਦੀ ਸੁਣਵਾਈ ਦੌਰਾਨ ਚੰਡੀਗੜ੍ਹ ਪੁਲੀਸ ਦੇ ਡੀ.ਐਸ.ਪੀ. ਜਗਬੀਰ ਸਿੰਘ ਦੇ ਬਿਆਨਾਂ ’ਤੇ ਜਿਰਾਹ ਹੋਈ। ਡੀ.ਐਸ.ਪੀ. ਜੇਲ੍ਹ ਕਾਂਡ ਵਾਪਰਨ ਸਮੇਂ ਵੀ ਚੰਡੀਗੜ੍ਹ ਵਿੱਚ ਇਸੇ ਅਹੁਦੇ ’ਤੇ ਤਾਇਨਾਤ ਸੀ ਅਤੇ ਬੁੜੈਲ ਦਾ ਇਲਾਕਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਪੈਂਦਾ ਸੀ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਬਤੌਰ ਡੀ.ਐਸ.ਪੀ. ਉਨ੍ਹਾਂ ਦੀ ਜ਼ਿੰਮੇਵਾਰੀ ਜੇਲ੍ਹ ਦੇ ਬਾਹਰਵਾਰ ਦੀ ਸੀ ਪਰ ਜੇਲ੍ਹ ਵਿੱਚ ਸੁਰੰਗ ਪੁੱਟਣ ਦੀ ਘਟਨਾ ਅੰਦਰ ਦੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਉਨ੍ਹਾਂ ਜੇਲ੍ਹ ਅਧਿਕਾਰੀਆਂ ਨੂੰ ਕੋਈ ਅਣਹੋਣੀ ਘਟਨਾ ਵਾਪਰਨ ਦੀ ਸੂਹ ਦੇ ਦਿੱਤੀ ਸੀ ਪਰ ਕਿਸੇ ਨੇ ਇਸ ਨੂੰ ਗੰਭੀਰਤਾ ਨਾਲ ਨਾ ਲਿਆ। ਉਨ੍ਹਾਂ ਕਿਹਾ ਕਿ ਸੁਰੰਗ ਪੁੱਟਣ ਦੀ ਘਟਨਾ ਅਧਿਕਾਰੀਆਂ ਦੀ ਅਣਗਿਹਲੀ ਕਾਰਨ ਵਾਪਰੀ ਹੈ। ਅਦਾਲਤ ਵਿੱਚ ਕੇਸ ਨਾਲ ਸਬੰਧਤ ਦੂਜੇ ਮੁਲਜ਼ਮ ਸਮੇਤ ਸਾਬਕਾ ਸਹਾਇਕ ਜੇਲ੍ਹ ਸੁਪਰਡੈਂਟ ਐਸ.ਐਸ. ਸੰਧੂ ਵੀ ਮੌਜੂਦ ਸਨ। ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਜੇ.ਐਸ. ਸਿੱਧੂ ਨੇ ਕੇਸ ਦੀ ਅਗਲੀ ਸੁਣਵਾਈ 23 ਜੁਲਾਈ ਮੁਕਰਰ ਕਰ ਦਿੱਤੀ ਹੈ ਪਰ ਇਸ ਤਰੀਕ ’ਤੇ ਦੋਹਾਂ ਮੁਲਜ਼ਮਾਂ ਨੂੰ ਪੇਸ਼ੀ ਤੋਂ ਛੋਟ ਰਹੇਗੀ। ਮੁਲਜ਼ਮਾਂ ਨੂੰ ਅਦਾਲਤ ਵਿੱਚ ਅਗਲੀ ਵਾਰ 18 ਸਤੰਬਰ ਨੂੰ ਪੇਸ਼ ਕੀਤਾ ਜਾਵੇਗਾ।ਪੇਸ਼ੀ ਮੌਕੇ ਜੇਲ੍ਹ ਦੇ ਅੰਦਰ ਅਤੇ ਬਾਹਰ ਤਣਾਅ ਵਾਲਾ ਮਾਹੌਲ ਬਣਿਆ ਰਿਹਾ। ਅਦਾਲਤ ਦੇ ਕਮਰੇ ਦੇ ਬਾਹਰ ਵੱਡੀ ਗਿਣਤੀ ਵਿੱਚ ਦੋਹਾਂ ਮੁਲਜ਼ਮਾਂ ਦੇ ਰਿਸ਼ਤੇਦਾਰ ਪੁੱਜੇ ਹੋਏ ਸਨ। ਅਦਾਲਤ ਦੇ ਬਾਹਰ ਪੰਥਕ ਵਿਚਾਰ ਮੰਚ ਵੱਲੋਂ ਮੁਲਜ਼ਮਾਂ ਨੂੰ ਲੰਗਰ ਛਕਾਉਣ ਦੀ ਮੰਗ ਸਬੰਧੀ ਧਰਨਾ ਦਿੱਤਾ ਗਿਆ ਸੀ। ਬਲਜੀਤ ਸਿੰਘ ਖਾਲਸਾ ਦੀ ਅਗਵਾਈ ਹੇਠ ਧਰਨਾਕਾਰੀਆਂ ਨੇ ਐਲਾਨ ਕੀਤਾ ਕਿ ਜੇਕਰ ਲੰਗਰ ਛਕਾਉਣ ਦੀ ਆਗਿਆ ਨਾ ਦਿੱਤੀ ਗਈ ਤਾਂ ਉਹ ਗੱਡੀਆਂ ਦੇ ਅੱਗੇ ਪੈ ਜਾਣਗੇ।ਉਨ੍ਹਾਂ ਨੇ ਦੋਹਾਂ ਨੂੰ ਅਦਾਲਤ ਵਿੱਚ ਲਿਜਾਣ ਸਮੇਂ ਜੈਕਾਰੇ ਵੀ ਛੱਡੇ। ਪੇਸ਼ੀ ਮੌਕੇ ਅਦਾਲਤ ਦੇ ਆਲੇ ਦੁਆਲੇ ਪੰਜਾਬ, ਦਿੱਲੀ ਅਤੇ ਚੰਡੀਗੜ੍ਹ ਦੇ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਤਾਇਨਾਤ ਸਨ। ਇਸ ਤੋਂ ਇਲਾਵਾ ਸੁਰੱਖਿਆ ਲਈ ਕਮਾਂਡੋਜ਼ ਵੀ ਲਾਏ ਗਏ ਸਨ।
|