|
ਬਾਬਾ ਬਲਬੀਰ ਸਿੰਘ ਦੀ ਐਸਕੌਰਟ ਕਾਰ ਦੀ ਮੋਟਰਸਾਈਕਲ ਨਾਲ ਟੱਕਰ |
|
ਮੁਹਾਲੀ. 22 ਮਈ :-ਮੁਹਾਲੀ ਖੇਤਰ ਵਿਚ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ,ਜਦੋਂ ਕਿ ਦੋ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਇਥੋਂ ਦੇ ਉਦਯੋਗਿਕ ਏਰੀਆ ਸਥਿਤ ਡੈਲ ਚੌਕ ਨੇੜਲੇ ਟਰੈਫਿਕ ਲਾਈਟ ਪੁਆਇੰਟ ‘ਤੇ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿਵੇਕ ਕੁਮਾਰ ਵਾਸੀ ਸੈਕਟਰ-39 ਵਜੋਂ ਹੋਈ ਹੈ। ਜ਼ਖ਼ਮੀ ਚਰਨਪ੍ਰੀਤ ਸਿੰਘ ਵਾਸੀ ਫੇਜ਼-4 ਅਤੇ ਅਮਨਪ੍ਰੀਤ ਸਿੰਘ ਵਾਸੀ ਸੈਕਟਰ-24ਡੀ ਨੂੰ ਸੈਕਟਰ-70 ਸਥਿਤ ਅਮਰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਤਿੰਨੇ ਨੌਜਵਾਨ ਸ਼ਹੀਦ ਊਧਮ ਸਿੰਘ ਕਾਲਜ ਤੰਗੋਰੀ, ਮੁਹਾਲੀ ਵਿਚ ਪੜ੍ਹਦੇ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਦੇ ਸੁਰੱਖਿਆ ਦਸਤੇ ਦੀ ਇਕ ਐਸਕੌਰਟ ਕਾਰ ਨੇ ਡੈਲ ਚੌਕ ‘ਤੇ ਇੱਕ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ। ਨੌਜਵਾਨ ਵਿਵੇਕ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ ਜਦੋਂ ਕਿ ਬਾਕੀ ਦੋਵੇਂ ਜ਼ਖ਼ਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਇਹ ਨੌਜਵਾਨ ਪੇਪਰ ਦੇਣ ਜਾ ਰਹੇ ਸੀ ਜਦੋਂਕਿ ਬਾਬਾ
ਬਲਬੀਰ ਸਿੰਘ ਦੀ ਇਕ ਲਾਲ ਬੱਤੀ ਵਾਲੀ ਐਸਕਾਟ ਗੱਡੀ ਜਿਸ ਨੂੰ ਡਰਾਈਵਰ ਹਰਦੀਪ ਸਿੰਘ ਚਲਾ ਰਿਹਾ ਸੀ ਨੇ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਵਿਵੇਕ ਦੇ ਸਿਰ ਵਿੱਚ ਗਹਿਰੀ ਸੱਟ ਲੱਗੀ ਤੇ ਜ਼ਖਮਾਂ ਦੀ ਤਾਬ ਨਾਲ ਸਹਾਰਦਿਆਂ ਉਸ ਦੀ ਮੌਤ ਹੋ ਗਈ। ਉਸ ਦੇ ਨਾਲ ਦੇ ਦੋ ਸਾਥੀਆਂ ਚਰਨਪ੍ਰੀਤ ਸਿੰਘ ਅਤੇ ਅਮਨਪ੍ਰੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਪੁਲੀਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਹਾਦਸੇ ਤੋਂ ਤੁਰੰਤ ਬਾਅਦ ਡਰਾਈਵਰ ਨੇ ਗੱਡੀ ‘ਤੇ ਲੱਗੀ ਲਾਲ ਬੱਤੀ ਲਾਹ ਕੇ ਗੱਡੀ ਦੇ ਅੰਦਰ ਰੱਖ ਦਿੱਤੀ। ਉਦਯੋਗਿਕ ਏਰੀਆ ਪੁਲੀਸ ਚੌਕੀ ਦੇ ਇੰਚਾਰਜ ਰਾਮ ਦਰਸ਼ਨ ਨੇ ਦੱਸਿਆ ਕਿ ਪੁਲੀਸ ਨੇ ਇਸ ਸਬੰਧੀ ਡਰਾਈਵਰ ਹਰਦੀਪ ਸਿੰਘ ਖ਼ਿਲਾਫ਼ ਧਾਰਾ 279,304ਏ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਉਧਰ ਲਾਂਡਰਾਂ-ਸਰਹਿੰਦ ਮੁੱਖ ਸੜਕ ‘ਤੇ ਸਥਿਤ ਪਿੰਡ ਝੰਜੇੜੀ ਨੇੜੇ ਇੱਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਸਬੰਧੀ ਜੀਵਨ ਸਿੰਘ ਵਾਸੀ ਪਿੰਡ ਝੰਜੇੜੀ ਨੇ ਜ਼ਿਲ੍ਹਾ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਅਤੇ ਉਸ ਦਾ ਸਾਲਾ ਜਗਜੀਤ ਸਿੰਘ ਆਪੋ ਆਪਣੇ ਮੋਟਰ ਸਾਈਕਲਾਂ ‘ਤੇ ਆਪਣੇ ਪਿੰਡ ਨੂੰ ਜਾ ਰਹੇ ਸੀ। ਜਦੋਂ ਉਹ ਪੁਸ਼ਪਾਂਜਲੀ ਨਰਸਰੀ, ਝੰਜੇੜੀ ਨੇੜੇ ਪੁੱਜੇ ਤਾਂ ਇਕ ਇਨੋਵਾ ਕਾਰ ਨੇ ਜਗਜੀਤ ਸਿੰਘ ਦੇ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਉਸ ਨੂੰ ਪੀ.ਜੀ.ਆਈ. ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿਥੇ ਉਸਦੀ ਮੌਤ ਹੋ ਗਈ। ਪੁਲੀਸ ਨੇ ਇਸ ਸਬੰਧੀ ਧਾਰਾ 279,283,304ਏ ਦੇ ਤਹਿਤ ਡਰਾਈਵਰ ਪ੍ਰੇਮ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ।
|