Tuesday, 21 May 2013

RSS

Latest Videos

dhadi jatha jaspal singh  on khalsa day  in castelnova (bg) italy  by europediawaz  part 2
Dhadi Jatha jaspal Singh  on Khalsa Day  in castelnova (bg) italy  by europediawaz part 3
Dhadi Jatha jaspal Singh  on Khalsa Day  in castelnova (bg) italy  by europediawaz part 1
7 Wonders of India: Golden Temple
nasro mansoor guru gobind singh

Advertisements

AdvertisementAdvertisement
ਅਫ਼ਵਾਹਾਂ ਦੇ ਫੈਲਦੇ ਗੁਬਾਰੇ ਈ ਮੇਲ
ਅਨਪੜ੍ਹਤਾ ਅੰਧਵਿਸ਼ਵਾਸ ਦੀ ਮਾਂ ਹੈ ਤੇ ਦੁਰਦਸ਼ਾ ਇਸਦੀ ਸੰਤਾਨ ਹੈ। ਇਹ ਹੀ ਕਾਰਨ ਹੈ ਕਿ ਇੱਥੇ ਸਮੇਂ-ਸਮੇਂ ਬਹੁਤ ਸਾਰੀਆਂ ਅਫ਼ਵਾਹਾਂ ਜਨਮ ਲੈਂਦੀਆਂ ਰਹੀਆਂ ਹਨ ਪਰ ਜਾਗਰੂਕ ਲੋਕਾਂ ਦੇ ਯਤਨਾਂ ਨਾਲ ਕੁਝ ਸਮੇਂ ਬਾਅਦ ਇਹ ਦਮ ਤੋੜ ਜਾਂਦੀਆਂ ਸਨ। ਪਿਛਲੇ ਸਾਲਾਂ ਵਿੱਚ ਭਾਰਤ ਦੇ ਉੱਤਰੀ ਖਿੱਤੇ ਵਿੱਚ ਬਹੁਤ ਸਾਰੀਆਂ ਅਫ਼ਵਾਹਾਂ ਨੇ ਜਨਮ ਲਿਆ, ਪਰ ਪੰਜਾਬ ਦੇ ਤਰਕਸ਼ੀਲਾਂ ਨੇ ਕੁਝ ਹੀ ਦਿਨਾਂ ਵਿੱਚ ਇਨ੍ਹਾਂ ਦੀ ਸੰਘੀ ਘੁੱਟ ਦਿੱਤੀ, ਇਸ ਕੰਮ ਵਿੱਚ ਉਨ੍ਹਾਂ ਨੂੰ ਪੱਤਰਕਾਰਾਂ, ਚਿੱਤਰਕਾਰਾਂ, ਡਾਈਵਰਾਂ, ਪੁਲਿਸ ਕਰਮਚਾਰੀਆਂ ਅਤੇ ਆਮ ਲੋਕਾਂ ਦਾ ਭਰਪੂਰ ਸਹਿਯੋਗ ਮਿਲਿਆ। ਜਦੋਂ ਵੀ ਉਹ ਅਖ਼ਬਾਰਾਂ, ਇਸ਼ਤਿਹਾਰਾਂ ਤੇ ਨਾਟਕ ਮੇਲਿਆਂ ਰਾਹੀਂ ਅਫ਼ਵਾਹਾਂ ਦੀ ਅਸਲੀਅਤ ਲੋਕਾਂ ਦੇ ਦਿਮਾਗਾਂ ਵਿੱਚ ਪਾ ਦਿੰਦੇ ਤਾਂ ਅਫ਼ਵਾਹਾਂ ਦੀ ਹਨ੍ਹੇਰੀ ਨੂੰ ਠੱਲ ਪੈਂਦੀ। ਕੁਝ ਕੁ ਅਫ਼ਵਾਹਾਂ ਦਾ ਜ਼ਿਕਰ ਮੈਂ ਹੇਠ ਲਿਖੇ ਅਨੁਸਾਰ ਕਰ ਰਿਹਾ ਹਾਂ-
ਵੀਹਵੀਂ ਸਦੀ ਦੇ ਪਿਛਲੇ ਦਹਾਕੇ ਦੇ ਅੰਤਲੇ ਸਾਲਾਂ ਵਿੱਚ ਤਰਕਸ਼ੀਲਾਂ ਦਾ ਵਾਹ ਦੋ ਵੱਡੀਆਂ ਅਫ਼ਵਾਹਾਂ ਨਾਲ ਪਿਆ। ਇਨ੍ਹਾਂ ਵਿੱਚੋਂ ਪਹਿਲੀ ਅਫ਼ਵਾਹ ਕੁਝ ਸਾਧਾਂ ਸੰਤਾਂ ਦੀ ਮਿਲੀ ਭੁਗਤ ਨਾਲ ਚਲਾਈ ਜਾ ਰਹੀ ਸੀ। ਇਸ ਵਿੱਚ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਜਾ ਰਿਹਾ ਸੀ ਕਿ ਇੰਧਰਾ ਗਾਂਧੀ ਦੇ ਚਿੱਤਰ ਵਾਲਾ ਸਿੱਕਾ, ਰਾਜੀਵ ਗਾਂਧੀ ਦੇ ਚਿੱਤਰਸ਼ਾਲੀ, ਇੱਕ ਹਜ਼ਾਰ ਵਾਲਾ ਤਾਰ ਵਾਲਾ ਨੋਟ, ਪੰਜ ਹਿਰਨੀਆਂ ਵਾਲਾ ਨੋਟ, ਨੌ ਇੰਚ ਵਾਲਾ ਪਿੱਤਲ ਦਾ ਗਲਾਸ ਜੋ ਲੌਂਗ ਚੁੱਕ ਸਕਦਾ ਹੋਵੇ, ਪੁਰਾਣੇ ਦੇਸੀ ਬੱਟੇ, ਵੀਹ ਪੈਸੇ ਦੇ ਸਿੱਕੇ ਜਿਸ ਉੱਤੇ ਫੁੱਲ ਅਤੇ ਸੂਰਜ ਹੋਵੇ ਵਿੱਚੋਂ ਕੋਈ ਵੀ ਇੱਕ ਦੇ ਲੱਭਣ ਵਾਲੇ ਨੂੰ ਕਰੋੜਾਂ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਲੋਕਾਂ ਨੇ ਆਪਣੇ ਘਰਾਂ ਵਿਚਲੀਆਂ ਪੁਰਾਤਨ ਚੀਜ਼ਾਂ ਨੂੰ ਲੱਭਣਾ ਸ਼ੁਰੂ ਕੀਤਾ। ਜੇ ਕਿਸੇ ਨੂੰ ਕੁਝ ਮਿਲ ਜਾਂਦਾ ਤਾਂ ਉਹ ਇਨਾਮ ਦੇਣ ਵਾਲੇ ਦਾ ਖੁਰਾ ਖੋਜ ਲੱਭਣ ਲਈ ਤੁਰ ਪੈਂਦਾ। ਇਹ ਵਿਅਕਤੀ ਕਿਸੇ ਇੱਕ ਥਾਂ ਤੇ ਇਕੱਠੇ ਹੋਣ ਦਾ ਸੁਨੇਹਾ ਲਾ ਦਿੰਦੇ। ਇਕੱਠ ਨੂੰ ਕਿਹਾ ਜਾਂਦਾ ਕਿ ਸਮਾਨ ਦੇ ਮਾਲਕ ਆਪਣੇ ਸਮਾਨ ਨੂੰ ਲੈ ਕੇ ਲਾਈਨ ਵਿੱਚ ਖੜ੍ਹ ਜਾਣ। ਹਰ ਵਿਅਕਤੀ ਨੂੰ ਆਦੇਸ਼ ਦਿੱਤਾ ਜਾਂਦਾ ਕਿ ਜਿਸ ਨੂੰ ਯਕੀਨ ਹੈ ਕਿ ਉਸਦੀ ਚੀਜ਼ ਸਹੀ ਹੈ ਉਹ ਦੋ ਸੌ ਪੰਜਾਹ ਰੁਪਏ ਜਮ੍ਹਾਂ ਕਰਵਾ ਦੇਵੇ। ਇਸ ਤਰ੍ਹਾਂ ਇਕੱਠੇ ਹੋਏ ਦੋ ਢਾਈ ਸੌ ਵਿਅਕਤੀਆਂ ਤੋਂ ਸੱਠ ਹਜ਼ਾਰ ਤੋਂ ਪੈਂਹਠ ਹਜ਼ਾਰ ਰੁਪਏ ਦੇ ਵਿਚਕਾਰ ਰਾਸ਼ੀ ਇਕੱਠੀ ਕਰ ਲਈ ਜਾਂਦੀ। ਸਮਾਨ ਦੀ ਪਰਖ ਵੇਲੇ ਹਰ ਚੀਜ਼ ਵਿੱਚ ਕੋਈ ਨਾ ਕੋਈ ਨੁਕਸ਼ ਕੱਢ ਦਿੱਤਾ ਜਾਂਦਾ। ਕਿਸੇ ਨੂੰ ਕਹਿ ਦਿੱਤਾ ਜਾਂਦਾ ਗਲਾਸ ਦਾ ਸਾਈਜ਼ ਨੌ ਇੰਚ ਨਾਲੋਂ ਥੋੜ੍ਹਾ ਜਿਹਾ ਵੱਡਾ ਹੈ। ਕਿਸੇ ਨੂੰ ਸਾਈਜ਼ ਛੋਟਾ ਕਹਿ ਦਿੱਤਾ ਜਾਂਦਾ। ਜੇ ਕੋਈ ਸਿੱਕੇ ਵਿੱਚ ਪੰਜ ਮੌਰਨੀਆਂ ਗਿਣਵਾ ਦਿੰਦਾ ਪਰ ਉਹ ਉਨ੍ਹਾਂ ਦੀਆਂ ਵੀਹ ਟੰਗਾਂ ਨੂੰ ਪੂਰੀਆਂ ਨਾ ਕਰ ਸਕਦਾ। ਪੁਰਾਣਾ ਸਮਾਜ ਵੀ ਵਾਪਸ ਨਾ ਮੋੜਿਆ ਜਾਂਦਾ। ਇਸ ਤਰ੍ਹਾਂ ਸੱਠ ਪੈਂਹਟ ਹਜ਼ਾਰ ਦੀ ਠੱਗੀ ਮਾਰ ਕੇ ਸਾਧ ਰਫੂ ਚੱਕਰ ਹੋ ਜਾਂਦੇ। ਸਾਨੂੰ ਜ਼ਿਲ੍ਹਾ ਸੰਗਰੂਰ ਦੇ ਕਸਬੇ ਧਨੌਲੇ ਤੋਂ ਚਿੱਤਰਕਾਰ ਭੁਪਿੰਦਰ ਦਾ ਫੋਨ ਆਇਆ ਕਿ ਅੱਜ ਅਜਿਹੇ ਲੋਕਾਂ ਨੇ ਸੁਨਾਮ ਨੇੜੇ ਚੀਮਾ ਮੰਡੀ ਦੇ ਇੱਕ ਫਾਰਮ ਤੇ ਇਕੱਠੇ ਹੋਣਾ ਹੈ। ਪੱਤਰਕਾਰ ਦੇਵਿੰਦਰ ਨਾਲ ਸਾਡਾ ਕਾਫ਼ੀ ਸਹਿਚਾਰ ਸੀ। ਅਸੀਂ ਉਸ ਨੂੰ ਨਾਲ ਲੈ ਕੇ ਪੁਲਿਸ ਦੀ ਸਹਾਇਤਾ ਨਾਲ ਉਨ੍ਹਾਂ ਠੱਗਾਂ ਵਿੱਚੋਂ ਕੁਝ ਨੂੰ ਕਾਬੂ ਵਿੱਚ ਕਰਵਾ ਲਿਆ। ਉਨ੍ਹਾਂ ਤੋਂ ਹੋਈ ਪੁੱਛਗਿੱਛ ਨੇ ਇਸ ਸਾਰੇ ਗਰੋਹ ਨੂੰ ਬੇਨਕਾਬ ਕਰ ਦਿੱਤਾ। ਇਸ ਪੁੱਛ ਪੜਤਾਲ ਦੀਆਂ ਅਖ਼ਬਾਰਾਂ ਤੇ ਮੈਗਜ਼ੀਨਾਂ ਵਿੱਚ ਛਪੀਆਂ ਰਿਪੋਰਟਾਂ ਨੇ ਲੋਕਾਂ ਨੂੰ ਇਸ ਠੱਗੀ ਬਾਰੇ ਸੁਚੇਤ ਕਰ ਦਿੱਤਾ। ਇਸ ਤਰ੍ਹਾਂ ਇਹ ਅਫ਼ਵਾਹ ਤਾਂ ਖ਼ਤਮ ਹੋ ਗਈ। ਪਰ ਸੈਂਕੜੇ ਲੋਕ ਜੋ ਇਸ ਅਫ਼ਵਾਹ ਕਾਰਨ ਠੱਗੇ ਗਏ ਉਨ੍ਹਾਂ ਦੀ ਉਂਗਲੀ ਕਿਸੇ ਨੇ ਨਾ
ਸੁਨਾਮ ਦੇ ਚਾਰ ਪੇਂਡੂਆਂ ਨੇ ਪੱਚੀ ਪੱਚੀ ਹਜ਼ਾਰ ਰੁਪਏ ਇਕੱਠੇ ਕਰਕੇ ਇੱਕ ਸਾਧ ਤੋਂ ਇੱਕ ਲੱਖ ਰੁਪਏ ਵਿੱਚ ਇੱਕ ਸਿੱਕਾ ਖਰੀਦ ਲਿਆ। ਸਾਧ ਨੇ ਸਿੱਕੇ ਦੀ ਰਾਖ ਬਣਾ ਕੇ ਉਨ੍ਹਾਂ ਨੂੰ ਕਮਰੇ ਵਿੱਚ ਰੱਖਣ ਲਈ ਰਾਖ ਦੀਆਂ ਚਾਰ ਪੂੜੀਆਂ ਦੇ ਦਿੱਤੀਆਂ ਤੇ ਕਿਹਾ ਕਿ ਹੁਣ ਕੁਝ ਦਿਨਾਂ ਵਿੱਚ ਹੀ ਤੁਹਾਡਾ ਕਮਰਾ ਨੋਟਾਂ ਨਾਲ ਭਰ ਜਾਵੇਗਾ।
ਪੰਜਾਬ ਵਿੱਚ ਜ਼ਿਲ੍ਹੇ ਕਪੂਰਥਲੇ ਦੇ ਪਿੰਡ ਤਲਵੰਡੀ ਕੂਕਾ ਦਾ ਇੱਕ ਫੌਜੀ ਦੋ ਢਾਈ ਸਾਲ ਫੌਜ ਦੀ ਨੌਕਰੀ ਕਰਨ ਤੋਂ ਬਾਅਦ ਕਿਸੇ ਕਾਰਨ ਮਰ ਗਿਆ ਸੀ। ਉਸ ਸਮੇਂ ਉਸਦੀ ਲਾਸ ਕਿਸੇ ਕਾਰਨ ਪਿੰਡ ਨਾ ਭੇਜੀ ਜਾ ਸਕੀ। ਕਿਹਾ ਜਾਂਦਾ ਹੈ ਕਿ ਹੁਣ ਫੌਜੀ ਦੀ ਰੂਹ ਹੀ ਫੌਜ ਵਿੱਚ ਡਿਉਟੀ ਨਿਭਾ ਰਹੀ ਹੈ। ਉਸਨੂੰ ਹੌਲੀ ਹੌਲੀ ਤਕੱਕੀ ਦੇ ਕੇ ਕੈਪਟਨ ਬਣਾ ਦਿੱਤਾ ਗਿਆ ਹੈ। ਉਹ ਹਰ ਸਾਲ ਪੰਦਰਾਂ ਸਤੰਬਰ ਤੋਂ ਪੰਦਰਾਂ ਨਵੰਬਰ ਤੱਕ ਦੋ ਮਹੀਨੇ ਦੀ ਛੁੱਟੀ ਕੱਟਣ ਆਪਣੇ ਪਿੰਡ ਆਉਂਦਾ ਹੈ ਅਤੇ ਆਪਣੇ ਪਰਿਵਾਰ ਪਾਸ ਰਹਿੰਦਾ ਹੈ। ਇਸ ਸਾਰੇ ਕੁਝ ਦਾ ਪ੍ਰਬੰਧ ਫੌਜ ਹੀ ਕਰਦੀ ਹੈ। ਰੂਹ ਜਲੰਧਰ ਤੱਕ ਤਾਂ ਰੇਲ ਗੱਡੀ ਵਿੱਚ ਆਉਂਦੀ ਹੈ ਉਸਤੋਂ ਬਾਅਦ ਇੱਕ ਫੌਜੀ ਜੀਪ ਉਸਨੂੰ ਪਿੰਡ ਛੱਡ ਆਉਂਦੀ ਹੈ। ਬੈਠਣ ਸਮੇਂ ਸੀਟ ਲਿਫਦੀ ਹੈ ਫੌਜੀ ਆਪ ਹੀ ਵਾਰੀ ਖੋਲ੍ਹਦਾ ਹੈ। ਫੌਜੀ ਵੱਲੋਂ ਸਰਹੱਦ ਤੇ ਘੋੜੇ ਨਾਲ ਗਸਤ ਕੀਤੀ ਜਾਂਦੀ ਹੈ।
ਜਦੋਂ ਤਰਕਸ਼ੀਲ ਸੁਸਾਇਟੀ ਦੇ ਮੈਂਬਰ ਇਸ ਸਾਰੇ ਵਰਤਾਰੇ ਦੀ ਪੜਤਾਲ ਕਰਨ ਗਏ ਤਾਂ ਉਨ੍ਹਾਂ ਨੂੰ ਨਾ ਤਾਂ ਬਾਰੀ ਆਪਣੇ ਆਪ ਖੁੱਲ੍ਹਦੀ ਅਤੇ ਸੀਟ ਲਿਫਦੀ, ਨਾ ਬਾਰੀ ਬੰਦ ਹੁੰਦੀ ਨਜ਼ਰ ਆਈ। ਸਗੋਂ ਫੌਜੀ ਦੇ ਆਪਣੇ ਘਰ ਪੁੱਜਣ ਤੋਂ ਬਾਅਦ ਕੋਈ ਪੱਖਾਂ ਨਾ ਤਾਂ ਆਪਣੇ ਆਪ ਚੱਲਿਆ ਨਾ ਹੀ ਬੰਦ ਹੋਇਆ। ਇਸ ਲਈ ਤਰਕਸ਼ੀਲਾਂ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਇਹ ਸਭ ਗੱਲਾਂ ਮਨਘੜਤ ਹਨ। ਕੋਈ ਨਾ ਕੋਈ ਹੋਰ ਫੌਜੀ ਉਸ ਬਹਾਨੇ ਛੁੱਟੀ ਕੱਟਣ ਲਈ ਆਪਣੇ ਪਿੰਡ ਆਉਣਾ ਚਾਹੁੰਦਾ ਹੁੰਦਾ ਹੈ। ਉਸ ਲਈ ਇਹ ਬਹਾਨਾ ਇੱਕ ਵਧੀਆ ਹਥਿਆਰ ਹੈ। ਕਿਸੇ ਅਫ਼ਸਰ ਲਈ ਇਸੇ ਕਾਰਨ ਕਰਕੇ ਉਸਦੀ ਤਨਖ਼ਾਹ ਹਜ਼ਮ ਕਰੀ ਜਾਣਾ ਵੀ ਇਸ ਦੇਸ਼ ਵਿੱਚ ਸੰਭਵ ਹੈ। ਹੋ ਸਕਦਾ ਹੈ ਠੱਗੀ ਵਿੱਚੋਂ ਕੁਝ ਹਿੱਸਾ ਹਰ ਮਹੀਨੇ ਉਸਦੀ ਮਾਂ ਨੂੰ ਵੀ ਭੇਜ ਦਿੱਤਾ ਜਾਂਦਾ ਹੋਵੇ।
ਜਦੋਂ ਇਸ ਘਟਨਾ ਦੀ ਅਸਲੀਅਤ ਲੋਕਾਂ ਕੋਲ ਪੁੱਜੀ ਤਾਂ ਉਨ੍ਹਾਂ ਨੇ ਇਸ ਗੋਰਖ ਧੰਦੇ ਵੱਲ ਧਿਆਨ ਦੇਣਾ ਹੀ ਛੱਡ ਦਿੱਤਾ। ਜੂਨ 2001 ਦੇ ਪਹਿਲੇ ਹਫ਼ਤੇ ਭਾਰਤ ਦੀ ਰਾਜਧਾਨੀ ਦਿੱਲੀ ਵੀ ਅਜਿਹੀ ਇੱਕ ਅਫ਼ਵਾਹ ਦਾ ਸ਼ਿਕਾਰ ਬਣ ਗਈ। ਥਾਂ ਥਾਂ 'ਤੇ ਘਰ ਘਰ ਇਹ ਚਰਚਾ ਹੋਣੀ ਸ਼ੁਰੂ ਹੋ ਗਈ ਕਿ ਇੱਕ ਬਾਂਦਰ ਵਰਗਾ ਮਨੁੱਖ ਸੁੱਤੀਆਂ ਇਸਤਰੀਆਂ ਤੇ ਪੁਰਸਾਂ ਦੇ ਝਰੀਟਾਂ ਮਾਰ ਜਾਂਦਾ ਹੈ। ਕੁਝ ਦੇ ਝਰੀਟਾਂ ਦੇ ਨਿਸ਼ਾਨ ਵੀ ਨਜ਼ਰ ਆਏ। ਅੱਧੀ ਰਾਤ ਤੋਂ ਬਾਅਦ ਦਿੱਲੀ ਵਿੱਚ ਪੂਰਾ ਇੱਕ ਹਫ਼ਤਾ ਕਿਤੇ ਨਾ ਕਿਤੇ ਇਹ ਰੌਲਾ ਪੈ ਜਾਂਦਾ ਕਿ ਬਾਂਦਰ ਆ ਗਿਆ ਹੈ। ਕੋਈ ਕਹਿੰਦਾ ਇਸ ਬਾਂਦਰ ਦੇ ਹੱਥ ਲੋਹੇ ਦੇ ਹਨ ਕੋਈ ਕਹਿੰਦਾ ਇਸ ਨੇ ਹੈਲਮਟ ਲਈ ਹੋਈ ਹੈ ਕੋਈ ਕਹਿੰਦਾ ਇਸ ਦੇ ਢਿੱਡ 'ਤੇ ਲਾਲ ਤੇ ਹਰੀਆਂ ਲਾਈਟਾਂ ਲੱਗੀਆਂ ਹੋਈਆਂ ਹਨ। ਦਿੱਲੀ ਦੇ ਤਰਕਸ਼ੀਲਾਂ ਨੇ ਇਸ ਅਫ਼ਵਾਹਨੁਮੀ ਗੁਬਾਰੇ ਵਿੱਚੋਂ ਹਵਾ ਕੱਢਣ ਲਈ ਆਪਣੇ ਯਤਨ ਤੇਜ਼ ਕਰ ਦਿੱਤੇ। ਦਿੱਲੀ ਦੀ ਪੁਲਿਸ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਗਿਣਤੀ ਵੀ ਵਧਾ ਦਿੱਤੀ ਗਈ। ਜਿੰਨੇ ਵੀ ਆਦਮੀਆਂ ਨੇ ਇਸਨੂੰ ਵੇਖਣ ਦਾ ਦਾਅਵਾ ਕੀਤਾ ਸਭ ਦੇ ਬਿਆਨ ਵੱਖ-ਵੱਖ ਸਨ। ਕੋਈ ਉਸਨੂੰ ਮਨੁੱਖਾਂ ਵਰਗਾ, ਕੋਈ ਬਣਮਾਨਸਾਂ ਵਰਗਾ, ਕੋਈ ਉਸਨੂੰ ਰੋਬਟਾਂ ਵਰਗਾ ਦਰਸਾਉਂਦਾ, ਹੌਲੀ-ਹੌਲੀ ਇਸ ਗੁਬਾਰੇ ਦੀ ਹਵਾ ਨਿਕਲਦੀ ਗਈ ਤੇ ਲੋਕ ਸ਼ਾਂਤ ਹੁੰਦੇ ਗਏ। ਤਰਕਸ਼ੀਲਾਂ ਨੇ ਨਤੀਜਾ ਕੱਢਿਆ ਕਿ ਕਦੀ-ਕਦੀ ਲੋਕਾਂ ਵਿੱਚ ਵੱਡੀ ਪੱਧਰ ਤੇ ਮਾਸ ਹਿਸਟੀਰੀਆ ਫੈਲ ਜਾਂਦਾ ਹੈ। ਜਿਵੇਂ ਡਰੇ ਹੋਏ ਵਿਅਕਤੀ ਹਨ੍ਹੇਰੇ ਵਿੱਚ ਰੱਸੀ ਨੂੰ ਹੀ ਸੱਪ ਸਮਝ ਬੈਠਦੇ ਹਨ। ਇਸ ਤਰ੍ਹਾਂ ਡਰੇ ਹੋਏ ਲੋਕਾਂ ਨੇ ਖੁਦ ਹੀ ਛਾਲਾਂ ਮਾਰ ਲਈਆਂ ਤੇ ਸੱਟਾਂ ਖਾ ਬੈਠੇ।
ਅਗਸਤ-ਸਤੰਬਰ 2004 ਵਿੱਚ ਪੰਜਾਬ ਦੇ ਕਸਬਿਆਂ ਲਹਿਰਾ, ਮੂਨਕ, ਸੁਨਾਮ, ਧੂਰੀ ਆਦਿ ਦੇ ਲੋਕ ਇੱਕ ਹੋਰ ਜਾਨਵਰ ਦੇ ਕੱਟਣ ਦਾ ਸ਼ਿਕਾਰ ਹੋਣ ਲੱਗ ਪਏ। ਇਹ ਅਫ਼ਵਾਹ ਚੱਲ ਪਈ ਕਿ ਬਿੱਜੂ ਨਾਂ ਦਾ ਜਾਨਵਰ ਲੋਕਾਂ ਨੂੰ ਕੱਟ ਜਾਂਦਾ ਹੈ। ਲੋਕਾਂ ਨੇ ਆਪਣੀਆਂ ਨੂੰਹਾਂ ਧੀਆਂ ਨੂੰ ਦੂਰ ਦੀਆਂ ਰਿਸ਼ਤੇਦਾਰੀਆਂ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਪਿੰਡਾਂ ਦੇ ਤਰਕਸ਼ੀਲ ਵੀ ਇਸ ਅਫ਼ਵਾਹਾਂ ਦਾ ਸਿਰ ਕੁਚਲਣ ਲਈ ਤਿਆਰ ਹੋ ਗਏ। ਅਖ਼ਬਾਰਾਂ, ਮੈਗਜ਼ੀਨਾਂ ਵਿੱਚ ਸਪੱਸ਼ਟੀਕਰਨ ਆਉਣ ਲੱਖ ਪਏ। ਅਸੀਂ ਜਾਣਦੇ ਸਾਂ ਕਿ ਬਿੱਜੂ ਨਾਂ ਦਾ ਜਾਨਵਰ ਸਿਰਫ਼ ਇੱਕ ਕਲਪਨਾ ਹੀ ਹੈ। ਅੱਜ ਤੱਕ ਇੱਕ ਵੀ ਵਿਅਕਤੀ ਅਜਿਹਾ ਨਹੀਂ ਹੈ ਜਿਸਨੇ ਇਸਨੂੰ ਵੇਖਿਆ ਹੈ। ਇੱਕ ਦੋ ਹਫ਼ਤੇ ਦੀ ਭੱਜ ਨੱਠ ਨੇ ਹੀ ਇਸ ਗੁਬਾਰੇ ਵਿੱਚੋਂ ਵੀ ਹਵਾ ਖਾਰਜ ਕਰ ਦਿੱਤੀ।
ਪਿਛਲੇ ਸਤੰਬਰ 2002 ਵਿੱਚ ਇਹ ਅਫ਼ਵਾਹ ਛੱਡ ਦਿੱਤੀ ਗਈ ਕਿ ਇਕੱਲੀ ਔਲਾਦ ਵਾਲੇ ਮਾਪੇ ਸਟੀਲ ਦੀ ਕੌਲੀ ਵਿੱਚ ਖੰਡ ਭਰ ਕੇ ਸ਼ਿਵ ਮੰਦਿਰ ਜਾਂ ਹਨੂੰਮਾਨ ਮੰਦਿਰ ਵਿੱਚ ਪੰਜ ਸਿੱਕਿਆਂ ਸਮੇਤ ਚੜ੍ਹਾਉਣ। ਜੇ ਉਹ ਅਜਿਹਾ ਨਹੀਂ ਕਰਨਗੇ ਤਾਂ ਉਨ੍ਹਾਂ ਦੇ ਪੁੱਤਰ ਦਾ ਨੁਕਸਾਨ ਹੋ ਜਾਵੇਗਾ ਇਸਦੇ ਨਾਲ ਹੀ ਇੱਕ ਹੋਰ ਅਫ਼ਵਾਹ ਇਹ ਵੀ ਛੱਡ ਦਿੱਤੀ ਗਈ ਕਿ ਸ਼ੰਕਰ ਜੀ ਦੀ ਮੂਰਤੀ ਆਪਣਾ ਰੂਪ ਤੇ ਰੰਗ ਬਦਲ ਰਹੀ ਹੈ ਅਤੇ ਮੂਰਤੀ ਉਪਰ ਔਮ ਦਾ ਨਿਸ਼ਾਨ ਵੀ ਦਿਖਾਈ ਦੇ ਰਿਹਾ ਹੈ। ਬੱਸ ਫਿਰ ਕੀ ਸੀ ਲੋਕਾਂ ਦੀਆਂ ਭੀੜਾਂ ਮੰਦਿਰਾਂ ਵਿੱਚ ਲੱਗਣ ਲੱਗੀਆਂ। ਪੁਜਾਰੀ ਖੁਸ਼ ਸਨ ਮੁਫ਼ਤ ਵਿੱਚ ਹੀ ਬੈਠੇ ਬਿਠਾਇਆ ਨੂੰ ਲੱਖਾਂ ਰੁਪਏ ਬਣ ਗਏ।
ਕਦੇ ਤੁਸੀਂ ਸੁਣਿਆ ਹੋਵੇ ਕਿ ਟੈਲੀਫੋਨ ਵਿੱਚ ਭੂਤ ਆ ਗਿਆ ਹੋਵੇ? ਜੀ ਹਾਂ ਉਤਰੀ ਭਾਰਤ ਵਿੱਚ ਅਜਿਹਾ ਵਾਪਰਿਆ ਸੀ। ਤੁਹਾਨੂੰ ਇੱਕ ਫੋਨ ਕਾਲ ਆਉਂਦੀ ਹੈ ਤੇ ਉਸਤੇ ਫੋਨ ਨੰਬਰ 9888888888 ਨਜ਼ਰ ਆਉਂਦਾ ਹੈ। ਤੁਸੀਂ ਭੂਤ ਦੀ ਕਾਲ ਸਮਝ ਕੇ ਡਰ ਜਾਂਦੇ ਹੋ। ਮਾਰਚ 2007 ਵਿੱਚ ਮੈਂ ਆਪਣੇ ਮਿੱਤਰ ਭਗਵਾਨ ਸਿੰਘ ਖਹਿਰਾ ਵੱਲੋਂ ਅੰਮ੍ਰਿਤਸਰ ਦੇ ਪਿੰਡ ਸੇਰੋ ਵਿਖੇ ਰੱਖੇ ਤਰਕਸ਼ੀਲ ਮੇਲੇ ਵਿੱਚ ਭਾਗ ਲੈਣ ਲਈ ਜਾ ਰਿਹਾ ਸੀ ਤੇ ਰਸਤੇ ਵਿੱਚ ਹੀ ਫੋਨ ਆਉਣੇ ਸ਼ੁਰੂ ਹੋ ਗਏ। ਲੋਕ ਦੱਸਣ ਲੱਗੇ ਕ ਫੋਨ 'ਤੇ ਡਿਸਪਲੇ ਹੋ ਰਹੇ ਨੰਬਰ ਕਿਵੇਂ ਲੋਕਾਂ ਨੂੰ ਡਰਾ ਰਹੇ ਹਨ। ਬਹੁਤ ਸਾਰੇ ਲੋਕਾਂ ਨੇ ਤਾਂ ਡਰਦੇ ਮਾਰੇ ਫੋਨ ਰੀਸੀਵ ਕਰਨੇ ਹੀ ਬੰਦ ਕਰ ਦਿੱਤੇ। ਮਾਪੇ ਆਪਣੇ ਬੱਚਿਆਂ ਨੂੰ ਮੱਤਾਂ ਦੇਣ ਲੱਗੇ ''ਟੈਲੀਫੋਨ ਨਾ ਚੁਕਿਓ ਨਹੀਂ ਤਾਂ ਮਰ ਜਾਓਗੇ''। ਖੰਨੇ ਤੋਂ ਇੱਕ ਮੈਡਮ ਪੁੱਛ ਰਹੀ ਸੀ ਕਿ ''ਟੈਲੀਫੋਨ ਵਾਲਾ ਮਾਜਰਾ ਕੀ ਹੈ?'' ਮੈਂ ਉਸਨੂੰ ਕਿਹਾ ਕਿ ਤਰਕਸ਼ੀਲ ਮੇਲੇ ਤੋਂ ਵਾਪਸ ਆ ਕੇ ''ਅਸੀਂ ਇਸ ਭੂਤ ਦਾ ਸਿਰ ਕੁਚਲ ਦਿਆਂਗੇ।''
ਦੂਸਰੇ ਦਿਨ ਮੈਂ ਆਪਣੇ ਦਫ਼ਤਰ ਵਿੱਚ ਕੁਝ ਪੱਤਰਕਾਰਾਂ ਨੂੰ ਬੁਲਾਇਆ ਤੇ ਉਨ੍ਹਾਂ ਨੂੰ ਟੈਲੀਫੋਨ ਵਾਲਾ ਸਾਰਾ ਮਾਜਰਾ ਸਮਝਾ ਦਿੱਤਾ ਤੇ ਪ੍ਰੇਕਟਿਸ ਵੀ ਕਰਵਾ ਦਿੱਤੀ। ਉਹ ਸਾਰੇ ਸੰਤੁਸ਼ਟ ਹੋ ਗਏ। ਅਸਲ ਕਹਾਣੀ ਇਹ ਸੀ ਕਿ ਜਦੋਂ ਤੁਹਾਨੂੰ ਕੋਈ ਫੋਨ ਕਰਨ ਵਾਲੇ ਦਾ ਨਾਂ ਭਰਨ ਦੀ ਬਜਾਏ ਇਸ ਤੇ ਤੁਸੀਂ 9888888888 ਲਿਖ ਕੇ ਸੇਵ ਕਰ ਲਵੋਂ। ਹੁਣ ਜਦੋਂ ਵੀ ਤੁਹਾਨੂੰ ਇਸ ਫੋਨ ਤੋਂ ਦੁਆਰਾ ਫੋਨ ਆਏਗਾ ਤਾਂ 9888888888 ਨੰਬਰ ਡਿਸਪਲੇ ਹੋਵੇਗਾ। ਤੁਸੀਂ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਕਹੋਗੇ ਕਿ ਵੇਖੋ ਮੈਨੂੰ ਭੂਤ ਦਾ ਫੋਨ ਆ ਗਿਆ। ਇਸ ਤਰ੍ਹਾਂ ਇਹ ਅਫ਼ਵਾਹ ਵੀ ਕੁਝ ਦਿਨਾਂ ਵਿੱਚ ਹੀ ਦਮ ਤੋੜ ਗਈ।
ਇਸੇ ਹੀ ਮਹੀਨੇ ਵਿੱਚ ਇੱਕ ਹੋਰ ਅਫ਼ਵਾਹ ਫੈਲ ਗਈ ਕਿ 'ਭੂਚਾਲ ਆ ਰਿਹਾ ਹੈ।'' ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ। ਕਈਆਂ ਨੇ ਤਾਂ ਰਾਤਾਂ ਪਰਿਵਾਰਾਂ ਸਮੇਤ ਹੀ ਬਾਹਰ ਕੱਟੀਆਂ। ਅਸਲ ਮਾਜਰਾ ਇਹ ਸੀ ਕਿ ਇੱਕ ਸ਼ਰਾਬੀ ਵਿਅਕਤੀ ਦੇ ਦਿਮਾਗ ਵਿੱਚ ਆਇਆ ਕਿ ਧਰਤੀ ਘੁੰਮ ਰਹੀ ਹੈ। ਬੱਸ ਫਿਰ ਕੀ ਸੀ ਉਸਨੇ ਰਾਤੀਂ ਇੱਕ ਵਜੇ ਆਪਣੀ ਪਤਨੀ ਨੂੰ ਫੋਨ ਕਰ ਦਿੱਤਾ ਕਿ ''ਭੂਚਾਲ ਆ ਗਿਆ ਹੈ।'' ਬੱਸ ਫਿਰ ਕੀ ਸੀ ਪਤਨੀ ਨੇ ਰੌਲਾ ਪਾਉਣਾ ਤੇ ਆਪਣੇ ਨਜ਼ਦੀਕੀਆਂ ਨੂੰ ਫੋਨ ਕਰਨੇ ਸ਼ੁਰੂ ਕਰ ਦਿੱਤੇ। ਇਸ ਤਰ੍ਹਾਂ ਭੂਚਾਲ ਦਾ ਰੌਲਾ ਪੈ ਗਿਆ। ਲੋਕਾਂ ਨੇ ਐਨੀ ਖੇਚਲ ਵੀ ਨਹੀਂ ਕੀਤੀ ਕਿ ਟੈਲੀਵਿਜ਼ਨ ਤੋਂ ਭੂਚਾਲ ਸਬੰਧੀ ਸੂਚਨਾ ਦੇਣ ਵਾਲੇ ਮਹਿਕਮੇ ਨਾਲ ਸੰਪਰਕ ਕਰ ਲੈਂਦੇ। ਜੇ ਦੋ ਚਾਰ ਨੇ ਇਹ ਸੂਚਨਾ ਲਈ ਵੀ ਤਾਂ ਉਨ੍ਹਾਂ ਦੀ ਕਿਸੇ ਨੇ ਵੀ ਨਹੀਂ ਸੁਣੀ।  ਇੱਕ ਹੋਰ ਅਫ਼ਵਾਹ ਦਾ ਕੇਂਦਰ ਸਮੁੱਚੀ ਧਰਤੀ ਹੀ ਹੈ। ਕਹਿੰਦੇ ਮਾਇਆ ਸਭਿਅਤਾ ਦੇ ਕੈਲੰਡਰਾਂ ਵਿੱਚ ਇਹ ਦਰਜ਼ ਕੀਤਾ ਹੋਇਆ ਹੈ ਕਿ 21 ਦਸੰਬਰ 2012 ਨੂੰ ਦੁਨੀਆਂ ਨਸ਼ਟ ਹੋ ਜਾਵੇਗੀ। ਇਸ ਸਬੰਧੀ ਛਪੇ ਕਈ ਲੇਖਾਂ ਨੇ ਪੰਜਾਬੀਆਂ ਦੀ ਨੀਂਦ ਵੀ ਉਡਾ ਦਿੱਤੀ ਸੀ। ਮਾਇਆ ਸਭਿਅਤਾ ਦੇ ਲੋਕਾਂ ਨੂੰ ਆਪਣੀ ਹੋਣੀ ਦਾ ਹੀ ਪਤਾ ਨਹੀਂ ਸੀ ਕਿ ਉਹ ਧਰਤੀ ਦੇ ਦੂਸਰੇ ਲੋਕਾਂ ਦੀ ਹੋਣੀ ਦਾ ਫੈਸਲਾ ਕਰ ਸਕਦੇ ਸਨ ਕਿਉਂਕਿ ਮਾਇਆ ਸਭਿਅਤਾ ਤਾਂ ਕੁਝ ਸਦੀਆਂ ਪਹਿਲਾ ਧਰਤੀ ਤੋਂ ਅਲੋਪ ਹੀ ਹੋ ਗਈ ਸੀ। ਕੁਝ ਅਖੌਤੀ ਪੁਜਾਰੀਆਂ ਨੇ ਤਾਂ ਇਸ ਸਬੰਧੀ ਆਪਣੀਆਂ ਦਲੀਲਾਂ ਵੀ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ। ਕੋਈ ਕਹਿੰਦਾ ਹੈ ਸੂਰਜ ਤੋਂ ਉੱਠੇ ਤੂਫ਼ਾਨਾਂ ਨੇ, ਕੋਈ ਕਹਿੰਦਾ ਧਰਤੀ ਤੋਂ ਫੱਟਣ ਵਾਲੇ ਜਵਾਲਾਮੁਖੀਆਂ ਨੇ, ਕੋਈ ਕਹਿੰਦਾ ਧਰਤੀ ਦੇ ਚੁੰਬਕੀ ਖੇਤਰ ਦੀ ਤਬਦੀਲੀ ਕਾਰਨ ਹੋਣੀ ਤਬਾਹੀ ਨੇ ਧਰਤੀ ਤੋਂ ਮਨੁੱਖ ਜਾਤੀ ਨੂੰ ਸਦਾ ਲਈ ਅਲੋਪ ਕਰ ਦੇਣਾ ਹੈ।
ਇਸ ਸਬੰਧੀ ਮੈਨੂੰ ਵੀ ਕਈ ਲੇਖ ਅਖ਼ਬਾਰਾਂ ਨੂੰ ਦੇਣੇ ਪਏ ਜਿੰਨ੍ਹਾਂ ਵਿੱਚ ਮੈਂ ਉਨ੍ਹਾਂ ਸਭ ਦੀਆਂ ਦਲੀਲਾਂ ਦਾ ਢੁਕਵਾ ਜਵਾਬ ਦਿੱਤਾ ਸਿੱਟੇ ਵਜੋਂ ਇਸ ਗੁਬਾਰੇ ਦੀ ਫੂਕ ਵੀ ਨਿਕਲ ਗਈ।
ਧਰਤੀ ਦੇ ਇਤਿਹਾਸ ਵਿੱਚ ਇਹ ਸਾਰੀਆਂ ਅਫ਼ਵਾਹਾਂ ਨਾ ਤਾਂ ਪਹਿਲੀਆਂ ਸਨ ਤੇ ਨਾ ਹੀ ਆਖਰੀ। ਅਜਿਹੀਆਂ ਹਜ਼ਾਰਾਂ ਅਫ਼ਵਾਹਾਂ ਦੇ ਗੁਬਾਰਿਆਂ ਵਿੱਚ ਅੰਧਵਿਸ਼ਵਾਸੀ ਹਵਾ ਭਰਦੇ ਰਹਿੰਦੇ ਹਨ ਤੇ ਜਾਗਰੂਕ ਲੋਕ ਇਸ ਹਵਾ ਨੂੰ ਖਾਰਜ ਕਰਦੇ ਰਹਿੰਦੇ ਹਨ ਤੇ ਧਰਤੀ ਸਮਤੋਲ ਵਿੱਚ ਰਹਿੰਦੀ ਹੈ।
- ਮੇਘ ਰਾਜ ਮਿੱਤਰ
ਤਰਕਸ਼ੀਲ ਨਿਵਾਸ
ਕੱਚਾ ਕਾਲਜ ਰੋਡ
ਬਰਨਾਲਾ।
 
< Prev   Next >

Clock

 

Bookmark Us



Polls

Advertisements

AdvertisementAdvertisementAdvertisementAdvertisementAdvertisementAdvertisement

                                       Copyright © 2008 - 2009 Europe Di Awaz Design By :: Mehra Media