|
|
|
ਮੈਂ ਪਟਿਆਲੇ ਆਪਣੇ ਘਰੇ ਜਪੁ-ਘਰ ਵਿੱਚ ਹਾਂ। ਸੈਲ ਫੋਨ ਦੀ ਘੰਟੀ ਵੱਜਦੀ ਹੈ। ਮੈਂ ਫੋਨ ਆਨ ਕਰਦਾ ਹਾਂ ਤਾਂ ਦੂਜੇ ਪਾਸੇ |
|
੧੩ ਮਾਰਚ ੨੦੧੨, ਮੈਂ ਪਟਿਆਲੇ ਆਪਣੇ ਘਰੇ ਜਪੁ-ਘਰ ਵਿੱਚ ਹਾਂ। ਸੈਲ ਫੋਨ ਦੀ ਘੰਟੀ ਵੱਜਦੀ ਹੈ। ਮੈਂ ਫੋਨ ਆਨ ਕਰਦਾ ਹਾਂ ਤਾਂ ਦੂਜੇ ਪਾਸੇ ਤੋਂ ਆਵਾਜ਼ ਆਉਂਦੀ ਹੈ "ਹਮ ਫੂਲਪੁਰ ਸੇ ਬੋਲ ਰਹੇ ਹੈ ਬ੍ਰਿਘੁਨਾਥ……ਆਪ ਕੋ ਯਾਦ ਹੈ…… ਆਪ ਯਾਹਾਂ ਆਏ ਥੇ…"
ਮੈਂ ਵਿੱਚੇ ਹੀ ਬੋਲਦਾ ਹਾਂ ਜੀ ਹਾਂ ਸਭ ਯਾਦ ਹੈ…… "ਅਰੇ ਬਤਾਈਏ ਬ੍ਰਿਘੁਨਾਥ ਜੀ ਪਿਤਾ ਜੀ ਕੈਸੇ ਹੈ ?"
"ਵੋਹ ਠੀਕ ਹੈ……ਹਮ ਬਹੁਤ ਬੜੀ ਸਮਸਿਆ ਮੈਂ ਘਿਰ ਗਏ ਹੈ। ਆਪ ਕੇ ਸਹਿਯੋਗ ਕੀ ਜਰੂਰਤ ਹੈ…"
"ਹਾਂ ਕਹੀਏ ਮੈਂ ਕਿਯਾ ਕਰ ਸੱਕਤਾ ਹੂੰ……"
"ਵੋ ਗੁਰੂਦੁਆਰੇ ਕੋ ਲੇ ਕਰ ਝਗੜਾ ਹੋ ਗਿਆ ਹੈ। ਹਾਥਾ ਪਾਈ ਭੀ ਹੂਈ ਹੈ। ਹਮਾਰੀ ਹਲਵਾਈ ਬਿਰਾਦਰੀ ਨੇ ਯਹ ਗੁਰੂਦੁਆਰੇ ਵਾਲੀ ਜ਼ਮੀਨ ਅਪਣੇ ਕਬਜ਼ੇ ਮੇਂ ਲੇਨੇ ਕੀ ਕੋਸ਼ਿਸ਼ ਸ਼ੁਰੂ ਕਰ ਦੀ ਹੈ। ਉਨਹੋ ਨੇ ਹਮਾਰੇ ਔਰ ਪਿਤਾ ਜੀ ਕੇ ਖ਼ਿਲਾਫ਼ ਥਾਣੇ ਮੇ ਦਰਖ਼ਾਸਤ ਭੀ ਦੀ ਹੈ……ਵੋ ਯਾਹਾਂ ਸੇ ਗੁਰੂ ਗ੍ਰੰਥ ਸਾਹਿਬ ਜੀ ਕੋ ਉਠਵਾਨਾਂ ਚਾਹਤੇ ਹੈ। ਸਥਾਨੀਯੈ ਪ੍ਰਸ਼ਾਸਨ ਔਰ ਵਿਧਾਇਕ ਉਨ ਕੀ ਮਦਦ ਕਰ ਰਹਾ ਹੈ……ਆਪ ਕੌ ਜਲਦੀ ਹੀ ਤੁਰੰਤ ਕੁਝ ਕਰਨਾ ਹੋਗਾ…"
ਮੈਂ ਉਸ ਨੂੰ ਦਿਲਾਸਾ ਦਿੰਦਾ ਹਾਂ ਤੇ ਕਹਿੰਦਾ ਹਾਂ ਕਿ ਉਹ ਕਬਜ਼ਾ ਨਾ ਛੱਡੇ ਅਤੇ ਘਬਰਾਏ ਨਾ। ਮੈਂ ਪ੍ਰਸ਼ਾਸਨਿਕ ਦਖਲ ਰੁਕਵਾਉਣ ਦੀ ਕੋਸ਼ਿਸ਼ ਕਰਦਾ ਹਾਂ ਅਤੇ ਅਗਲੇਰੀ ਕਾਰਵਾਈ ਤੁਰੰਤ ਦੱਸਦਾ ਹਾਂ।
"ਅਰੇ ਥਾਣੇ ਮੇ ਹਮੇ ਅਭੀ ਬੁਲਾਇਆ ਹੈ…ਸ਼ਾਇਦ ਗ੍ਰਿਫ਼ਤਾਰ ਕਰ ਲੇ…"
ਮੈਂ ਉਸ ਨੂੰ ਭਰੋਸਾ ਦਿੰਦਾ ਹਾਂ …… ਤੁਸੀ ਥਾਣੇ ਜਾਓ ਤੇ ਆਪਣੇ ਨਾਲ ਹਰਜੀਤ ਸਿੰਘ ਨੂੰ ਲੈ ਕੇ ਜਾਓ…ਮੈਂ ਡਿਪਟੀ ਨਾਲ ਹੁਣੇ ਹੀ ਗੱਲ ਕਰਦਾ ਹਾਂ।
………
ਦਰਅਸਲ ਫੂਲਪੁਰ ਦੀ ਪੁਰੀ ਹਲਵਾਈ ਬਿਰਾਦਰੀ ਇਕ ਪਾਸੇ ਹੋ ਕੇ ਇਹ ਕਹਿਣ ਲੱਗ ਪਈ ਹੈ ਕਿ ਇਹ ਗੁਰਦੁਆਰਾ ਉਨ੍ਹਾਂ ਦਾ ਮੰਦਿਰ ਹੈ ਅਤੇ ਇਸ ਨੂੰ ਮੰਦਿਰ ਹੀ ਬਣਨਾ ਚਾਹੀਦਾ ਹੈ। ਸਿਰਫ਼ ਇਕੋ ਇਕ ਹਲਵਾਈ ਬਿਰਾਦਰੀ ਦਾ ਪਰਿਵਾਰ ਹੈ ਜੋ ਇਹ ਕਹਿੰਦਾ ਹੈ ਕਿ ਇਹ ਗੁਰਦੁਆਰਾ ਹੈ ਅਤੇ ਇਹ ਗੁਰਦੁਆਰਾ ਹੀ ਰਹਿਣਾ ਚਾਹੀਦਾ ਹੈ। ਛਾਤੀ ਠੋਕ ਕੇ ਅਜਿਹਾ ਕਹਿਣ ਵਾਲੇ ਹਨ ਸ੍ਰੀ ਅਨੰਦ ਪ੍ਰਕਾਸ਼ ਨੰਦੂ ਅਤੇ ਉਨ੍ਹਾਂ ਦੇ ਸਪੁੱਤਰ ਸ੍ਰੀ ਬ੍ਰਿਘੁਨਾਥ ਜੀ ਅਤੇ ਇਨ੍ਹਾਂ ਦਾ ਪੂਰਾ ਟੱਬਰ ਅਰਥਾਤ ਨੰਦੂ ਜੀ ਦੇ ਸਭ ਬੇਟੇ, ਬੇਟੀਆਂ ਅਤੇ ਪੌਤੇ ਪੌਤੀਆਂ। ਜੋ ਆਪਣੇ ਪੁਰਖਿਆਂ ਦੇ ਸੱਚ ਹਕ ਅਤੇ ਕੀਤੇ ਫੈਸਲੇ ਤੇ ਪੂਰੀ ਦ੍ਰਿੜਤਾ ਨਾਲ ਖੜੇ ਅਤੇ ਅੜੇ ਹਨ। ਪਰ ਇਕੱਲੇ ਪੈ ਗਏ ਹਨ। ਇਨ੍ਹਾਂ ਨੂੰ ਹੁਣ ਸਾਥ, ਸਹਿਯੋਗ ਦੀ ਲੋੜ ਹੈ।
ਫੂਲਪੁਰ, ਉੱਤਰ ਪ੍ਰਦੇਸ਼ ਦੇ ਪਰਗਨਾ ਮਾਹੁਲ, ਜ਼ਿਲ੍ਹੇ ਆਜ਼ਮਗੜ੍ਹ ਤਹਿਸੀਲ ਹੈ। ਆਜ਼ਮਗੜ੍ਹ ਮੁਸਲਮਾਨਾਂ ਦੀ ਸ਼ਿਬਲੀ ਸੰਪਰਦਾਇ ਦਾ ਬਹੁਤ ਵੱਡਾ ਗੜ੍ਹ ਹੈ। ਇਨ੍ਹਾਂ ਦਾ ਇਕ ਸ਼ਿਬਲੀ ਕਾਲਜ ਅਤੇ ਇਕ ਸ਼ਿਬਲੀ ਅਕੈਡਮੀ ਇਲਾਕੇ ਵਿੱਚ ਬੜੇ ਵੱਡੇ ਪੱਧਰ ਤੇ ਕਾਰਜ ਸ਼ੀਲ ਹੈ। ਸ਼ੇਰ ਸ਼ਾਹ ਸੂਰੀ ਦੇ ਸਮੇਂ ਕਾਲ ਤੋਂ ਇਹ ਵਸਿਆ ਹੋਇਆ ਹੈ।ਮੁਗਲ ਬਾਦਸ਼ਾਹਾਂ ਦਾ ਇਸ ਇਲਾਕੇ ਤੇ ਕਬਜ਼ਾ ਰਿਹਾ ਹੈ।
ਗੁਰੂ ਨਾਨਕ ਪਾਤਸ਼ਾਹ ਆਪਣੀਆਂ ਉਦਾਸੀਆਂ ਦੌਰਾਨ ਜਦੋਂ ਬਨਾਰਸ, ਫੈਜ਼ਾਬਾਦ, ਅਯੋਧਿਆ ਗਏ ਸਨ ਤਾਂ ਉਸ ਵਕਤ ਆਪ ਜੀ ਨਿਜ਼ਾਮਾਬਾਦ ਵੀ ਪਧਾਰੇ ਸਨ। ਆਪ ਜੀ ਦੀ ਕਿਰਪਾ ਨਾਲ ਇਸ ਇਲਾਕੇ ਵਿੱਚ ਹਲਵਾਈ ਬਿਰਾਦਰੀ ਨੇ ਆਪਣੀ ਖਾਨਦਾਨੀ ਵਿੱਚ ਸਮੂਹਕ ਤੌਰ ਤੇ ਸਿੱਖੀ ਨੂੰ ਧਾਰਨ ਕਰ ਲਿਆ ਸੀ।
ਇਸ ਬਿਰਾਦਰੀ ਨੇ ਇਸ ਸਮੁੱਚੇ ਇਲਾਕੇ ਵਿੱਚ ਬਹੁਤ ਸਾਰੀਆਂ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਸੰਗਤਾਂ ਸਥਾਪਿਤ ਕੀਤੀਆਂ। ਇਨ੍ਹਾਂ ਸਥਾਪਿਤ ਕੀਤੀਆਂ। ਇਨ੍ਹਾਂ ਸੰਗਤਾਂ ਨੂੰ ਇਸ ਇਲਾਕੇ ਵਿੱਚ "ਸੰਗਤ ਗੁਰੂ ਨਾਨਕ ਦਰਬਾਰ" ਕਰਕੇ ਜਾਣਿਆਂ ਜਾਂਦਾ ਰਿਹਾ ਹੈ। ਉਪਰੋਕਤ ਸੇਟੇਲਾਈਟ ਫੋਟੋ ਵਿੱਚ ਦਰਸਾਏ ਖੇਤਰਫਲ ਵਿੱਚ ਇਨ੍ਹਾਂ ਸੰਗਤਾਂ ਦੇ ਨਾਮ ਤੇ ਉੱਤਰ ਭਾਰਤ ਦੇ ਇਸ ਖੇਤਰ ਵਿੱਚ ਹਲਵਾਈ ਬਿਰਾਦਰੀ ਦੇ ਕਈ ਗੁਰਦੁਆਰਾ ਸਾਹਿਬਾਨ ਸਥਾਪਿਤ ਹਨ। ਜੋ ਬਾਅਦ ਵਿੱਚ ਸਿੱਖਾਂ ਦੇ ਅਵੈਸਲੇਪਨ ਅਤੇ ਇਨ੍ਹਾਂ ਗੁਰੂ ਨਾਨਕ ਦੀ ਕੋਸ਼ਿਸ਼ ਸਦਕਾ ਸਜੇ ਸਿੱਖਾਂ ਪ੍ਰਤੀ ਉਪਰਾਮਤਾ ਸਦਕਾ ਮੁੱਖ ਤੌਰ ਤੇ ਨਿਰਮਲਿਆਂ ਦੇ ਪ੍ਰਬੰਧ ਅਧੀਨ ਚਲਦੇ ਰਹੇ ਹਨ।
ਦੇਸ਼ ਦੀ ਵੰਡ ਤੋਂ ਪਹਿਲਾਂ ਬਹੁਤ ਸਾਰੇ ਗੁਰਧਾਮਾਂ ਦਾ ਪ੍ਰਬੰਧ ਖੁਦ ਹਲਵਾਈ ਬਿਰਾਦਰੀ ਵਿੱਚ ਸਜੇ ਸਿੱਖ ਆਪ ਵੀ ਕਰਦੇ ਰਹੇ ਹਨ। ਗੁਰਮੁਖੀ ਦੇ ਗਿਆਤਾ ਅਤੇ ਗੁਰਮਤਿ ਦੇ ਵਿਦਵਾਨ ਜਨ ਇਹ ਲੋਕ ਗੁਰਦੁਆਰਿਆਂ ਵਿੱਚ ਹੱਥ ਲਿਖਤ ਬੀੜਾਂ ਅਤੇ ਹੋਰ ਸਿੱਖ ਇਤਿਹਾਸ ਦੇ ਗ੍ਰੰਥਾਂ ਦਾ ਆਪ ਉਤਾਰਾ ਵੀ ਕਰਦੇ ਰਹੇ ਹਨ। ਇਹ ਹਲਵਾਈ ਬਿਰਾਦਰੀ ਲਗਭਗ ੫੦੦ ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਸੇਵਕੀ ਵਿੱਚ ਗੁਰੂ ਨਾਨਕ ਸਾਹਿਬ ਦੀ ਚਰਣੀ ਲੱਗ ਕੇ ਸਿੱਖੀ ਵਿੱਚ ਸਾਬਤ ਸੂਰਤ ਹੋ ਗਏ ਸਨ। ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਇਲਾਕੇ ਵਿੱਚ ਅਤੇ ਉੱਤਰ ਪੂਰਬੀ ਖ਼ਿੱਤੇ ਵਿੱਚ ਸਿੱਖੀ ਸੇਵਕੀ ਨੂੰ ਬਹੁਤ ਜਿਆਦਾ ਪ੍ਰਫੁੱਲਤ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਇਸ ਇਲਾਕੇ ਵਿੱਚ ਸਥਾਪਿਤ ਸੰਗਤਾਂ ਵਿੱਚ ਆਮ ਕਰਕੇ ਵਿਚਰਦੇ ਰਹੇ ਅਤੇ ਉਪਦੇਸ਼ ਦਿੰਦੇ ਰਹੇ। ਇਨ੍ਹਾਂ ਵਿੱਚੋਂ ਇਨ੍ਹਾਂ ਦੇ ਆਗੂਆਂ ਨੇ ਅਤੇ ਜਿਹੜੇ ਇਸ ਬਿਰਾਦਰੀ ਦੇ ਗੁਰਧਾਮਾਂ ਦੀ ਸੇਵਾ ਸੰਭਾਲ ਕਰਦੇ ਸਨ ਉਨ੍ਹਾਂ ਸਭਨਾਂ ਨੇ ਦਸਵੀਂ ਪਾਤਸ਼ਾਹੀ ਵੇਲੇ ਅੰਮ੍ਰਿਤਪਾਨ ਕਰ ਲਿਆ ਸੀ ਤੇ ਸਿੰਘ ਸਜ ਗਏ ਸਨ। ਲਗਭਗ ਸੌ ਸਾਲ ਪਹਿਲਾਂ ਤਕ ਇਹ ਹਾਲਾਤ ਇੰਝ ਹੀ ਚਲਦੇ ਰਹੇ ਹਨ। ਇਹ ਬੜੇ ਅਫਸੋਸ ਦੀ ਗੱਲ ਹੈ ਕਿ ਸਿੱਖ ਇਤਿਹਾਸ ਅਤੇ ਹੋਰ ਮੁਢਲੀਆਂ ਲਿਖਤਾਂ ਵਿੱਚ ਇਹ ਸੱਚਾਈ ਅਣਗੋਲੀ ਹੀ ਰਹੀ ਹੈ। ਇਸ ਦਾ ਜ਼ਿਕਰ ਕਿਤੇ ਕੋਈ ਵੀ ਲਿਖਾਰੀ ਨਹੀਂ ਕਰਦਾ ਹੈ। ਇਹ ਅਕਾਲ ਪੁਰਖ ਦੀ ਕਿਰਪਾ ਸਦਕਾ ਸਭ ਤੋਂ ਪਹਿਲਾਂ ਦਾਸ ਗੁਰੂ ਪੰਥ ਦੇ ਸਿੱਖ ਸਮਾਜ ਦੀ ਜਾਣਕਾਰੀ ਵਿੱਚ ਲਿਆਉਣ ਦੀ ਖੁਸ਼ੀ ਹਾਸਲ ਕਰ ਰਿਹਾ ਹੈ।
"ਨਾਨਕ ਸ਼ਾਹ" ਦੀ ਅਜਿਹੀ ਹੀ ਸੰਗਤ ਫੂਲਪੁਰ ਵਿੱਚ ਵੀ ਸਥਾਪਿਤ ਸੀ। ਜਿੱਥੇ ਇਸ ਹਲਵਾਈ ਬਿਰਾਦਰੀ ਦੇ ਜ਼ਿਮੀਦਾਰੀ ਅਤੇ ਦੁਕਾਨਦਾਰੀ ਕਰਦੇ ਬਜ਼ੁਰਗਾਂ ਚੰਦਰ ਵਲੀ ਸਿੰਘ ਵਲਦ ਵਿਸ਼ਵਨਾਥ ਸਿੰਘ ਅਤੇ ਦਯਾਰਾਮ ਸਿੰਘ ਨੇ ਖੁਦ ਵਾ ਵਲੀ ਰਾਮ ਕੁਮਾਰ ਸਿੰਘ ਨਾਬਾਲਿਗ ਭਾਈ ਹਕੀਕੀ ਵਾ ਸਤਗੁਰ ਪ੍ਰਸਾਦਿ ਸਿੰਘ ਪਿਸਰਾਨ ਜੰਗ ਬਹਾਦੁਰ ਸਿੰਘ ਵਾ ਰਾਮ ਅਧੀਨ ਸਿੰਘ, ਰਾਮ ਧਨੀ ਸਿੰਘ ਵਾ ਪਰਸੋਤਮ ਸਿੰਘ ਪਿਸਰਾਨ ਮਹਾਦੇਵ ਸਿੰਘ ਨੇ "ਨਾਨਕ ਸ਼ਾਹ" ਦੀ ਮਲਕੀਅਤ ਵਿੱਚ ਬਕਾਇਦਾ ਗੁਰਦੁਆਰਾ ਨਾਨਕ ਦਰਬਾਰ ਦੀ ਉਸਾਰੀ ਦਾ ਇਕ "ਘਰ" ਬਣਾ ਕੇ ਉਸ ਦਾ ਇੰਤਕਾਲ ਸਬ ਰਜਿਸਟਰਾਰ ਸ੍ਰੀ ਐਸ. ਜਾਵੇਦ ਅੱਬਾਸ ਦੇ ਰਜਿਸਟਰਾਰ ਤਹਿਸੀਲ ਮਲਕੀਅਤ ਦੇ ਦਫ਼ਤਰ ਵਿੱਚ, ਰਜਿਸਟਰ ਨੰਬਰ ਇਕ, ਜਿਲਦ ੨੭੮/੧੨੮-੧੩੦ ਵਿੱਚ ਨੰਬਰ ੪੪੦ ਰਾਹੀਂ ੭ ਨਵੰਬਰ ੧੯੪੭ ਈਸਵੀ ਨੂੰ ਫੂਲਪੁਰ ਵਿੱਚ ਰਜਿਸਟਰੀ ਕਰਵਾ ਕੇ; ਅਲ ਅਵਾਮ ਹਲਵਾਈ ਪੇਸ਼ਾ ਦੁਕਾਨਦਾਰੀ ਜ਼ਿਮੀਦਾਰੀ, ਵਾਸੀ ਸਾਕਿੰਤਨ ਮੋਤ੍ਰਾ, ਫੂਲਪੁਰ ਪਰਗਨਾ ਮਾਹੁਲ ਜ਼ਿਲ੍ਹਾ ਆਜ਼ਮਗੜ ਦੇ ਵਾਸੀਆਂ ਅਤੇ ਪਹਿਲੇ ਵਾਰਸਾਂ ਨੇ ਇਸ ਇਬਾਰਤ ਨਾਲ ਕਿ "ਅਸੀਂ ਮੌਕੇ ਤੇ ਮੌਜੂਦ ਹਾਂ ਗੁਰੂ ਦੇਵ ਗੁਰੂ ਨਾਨਕ ਦੇ ਨਾਮ 'ਮਕਾਨ' ਬਣਾ ਕੇ ਗੁਰਦੁਆਰਾ ਕਾਇਮ ਕੀਤਾ ਸੀ ਜੋ ਗੁਰਦੁਆਰਾ ਦੇ ਨਾਮ ਤੋਂ ਮਸ਼ਹੂਰ ਚਲਦਾ ਆ ਰਿਹਾ ਹੈ, ਸਰਕਾਰੀ ਇੰਦਰਾਜ ਵਿੱਚ ਵੀ ਇਹ ਹਮੇਸ਼ਾਂ "ਗੁਰਦੁਆਰਾ" ਦੇ 'ਨਾਮ' ਅਤੇ 'ਨਿਸ਼ਾਨ' ਤੋਂ ਕਾਇਮ ਰਹੇ" ਲਿਹਾਜ਼ਾ "ਅਸੀਂ ਇਸ ਦੀ ਰਜਿਸਟਰੀ "ਗੁਰੂ ਨਾਨਕ ਸ਼ਾਹ" ਦੇ ਨਾਮ ਤੇ ਕਰਵਾ ਕਰ ਅਤੇ ਲਿਖਵਾ ਕੇ "ਗੁਰਦੁਆਰਾ" ਰਜਿਸਟਰਡ ਕਰ ਦਿੱਤਾ ਹੈ; ਜਿਸ ਦਾ ਇੰਤਕਾਲ ਚੜ੍ਹਵਾ ਦਿੱਤਾ ਗਿਆ ਹੈ" ਫੂਲਪੁਰ ਦੇ ਟਾਉਨ ਏਰੀਏ ਵਿੱਚ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਥਾਪਿਤ ਕੀਤਾ। ਇਸ ਖਾਨਦਾਨ ਵਿੱਚੋਂ ਇਹ ਰਜਿਸਟਰੀ ਕਰਵਾਉਣ ਵਾਲੇ ਆਪਣੇ ਨਾਂਵਾਂ ਨਾਲ "ਸਿੰਘ" ਲਿਖਣ ਵਾਲੇ ਅੰਤਮ ਪੁਰਖ ਸਨ। ਇਨ੍ਹਾਂ ਤੋਂ ਬਾਅਦ ਇਹ ਪਰਿਪਾਟੀ 'ਸਿੰਘ' ਅਤੇ 'ਸਿੱਖੀ' ਤੋਂ ਵਿਰਵੀ ਹੁੰਦੀ ਇਨ੍ਹਾਂ ਸਭ ਬਜ਼ੁਰਗਾਂ ਨੇ ਆਪ ਦੇਖ ਲਈ ਸੀ। ਸ਼ਾਇਦ ਇਸੇ ਕਰਕੇ ਇਨ੍ਹਾਂ ਮਹਾਨ ਪੁਰਖਾ ਨੇ ਖੁਦ ਆਪ ਇਕੱਠੇ ਹੋ ਕੇ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਸੇਵਕੀ ਦੇ ਇਸ ਸਥਾਨ ਦੀ ਰਜਿਸਟਰੀ ਗੁਰੂ ਨਾਨਕ ਜੀ ਦੇ ਨਾਮ ਅਤੇ ਗੁਰਦੁਆਰਾ ਦੇ ਮੌਕੇ ਤੇ ਮੌਜੂਦ ਅਤੇ ਚਲਦੇ ਰਹਿਣੇ ਦੇ ਵੇਰਵੇ ਸਮੇਤ ਕਰਵਾਈ। ਉਨ੍ਹਾਂ ਦੀ ਚਾਹਤ ਸੀ ਕਿ ਇਹ ਸਥਾਨ ਹਮੇਸ਼ਾਂ ਹੀ "ਗੁਰਦੁਆਰਾ" ਬਣਿਆ ਅਤੇ ਚਲਦਾ ਰਹੇ। ਇਸੇ ਲਈ ਉਨ੍ਹਾਂ ਰਜਿਸਟਰੀ ਵਿੱਚ ਇਹ ਲਫ਼ਜ਼ ਲਿਖਵਾਏ ਕਿ "ਹਮੇਸ਼ਾ ਗੁਰਦੁਆਰਾ ਕਾ ਨਾਮ ਵਾ ਨਿਸ਼ਾਨ ਕਾਇਮ ਰਹੇ" ਅਤੇ "ਗੁਰੂ ਨਾਨਕ ਸ਼ਾਹ ਕੇ ਨਾਮ ਕਰ" ਕੇ, ਇਸ ਨੂੰ ਰਜਿਸਟਰੀ ਵਿੱਚ ਲਿਖੇ ਮੁਤਾਬਕ "ਮਲਕੀਯਤ ਗੁਰੂ ਨਾਨਕ ਸ਼ਾਹ ਮੁਤਸੋਬਰ ਹੋਗਾ" ਵਰਗੇ ਠੋਸ ਸ਼ਬਦ ਇੰਦਰਾਜ ਕਰਵਾਏ ਹਨ। ਇਹ ਬਜ਼ੁਰਗਵਾਰ ਭਵਿੱਖ ਨੂੰ ਆਪਣੀਆਂ ਅੱਖਾਂ ਨਾਲ ਵੇਖ ਕੇ ਉਸ ਦਾ ਆਪਣੀ ਸੁਚੇਤਨ ਦਿਬ ਦ੍ਰਿਸ਼ਟੀ ਰਾਹੀਂ ਹਕੀਕੀ ਨਾਪ ਤੋਲ ਤੇ ਪੁਣ ਛਾਣ ਕਰ ਚੁਕੇ ਸਨ। ਜਿਸ ਕਰਕੇ ਹੀ ਉਨ੍ਹਾਂ ਸਦੀਵੀ ਕਾਲ ਤਕ ਗੁਰਦੁਆਰਾ ਹਮੇਸ਼ਾਂ ਕਾਇਮ ਰਹੇ ਦਾ ਇਹ ਸੁਚੱਜਾ, ਠੋਸ, ਪੱਕਾ ਸਰਕਾਰੀ ਇੰਤਜ਼ਾਮ ਕੀਤਾ। ਹੁਣ ਤਕ ਮਿਲਦੀਆਂ ਪੁਰਾਣੀਆਂ ਮਲਕੀਅਤਾਂ ਵਿੱਚੋਂ ਸਿੱਖ ਇਤਿਹਾਸ ਵਿੱਚ ਇਹ ਰਜਿਸਟਰੀ ਆਪਣੀ ਇਬਾਰਤ ਅਤੇ ਹਕੀਕੀ ਨਤੀਜੇ ਪੱਖੋਂ ਬਿਲਕੁਲ ਨਵੇਕਲੀ ਅਤੇ ਇਕਲੌਤੀ ਹੈ। ਇਸ ਲਈ ਇਸ ਦੀ ਸਿੱਖ ਇਤਿਹਾਸ ਵਿੱਚ ਬਹੁਤ ਵੱਢੀ ਮਹਾਨਤਾ ਅਤੇ ਵਿਰਾਸਤਤਾ ਦੇ ਨਾਲੋਂ ਨਾਲ ਇਤਿਹਾਸਕਤਾ ਸਥਾਪਿਤ ਹੁੰਦੀ ਹੈ।
ਇਸ ਮਲਕੀਅਤ ਮਕਾਨ "ਗੁਰੂ ਨਾਨਕ ਸ਼ਾਹ" ਦੇ ਅੰਦਰ ਇਕ ਲਾਈਨ ਵਿੱਚ ਬਰਾਮਦੇ ਦਾਰ ਤਿੰਨ ਕਮਰੇ ਬਣਵਾਏ ਗਏ। ਇਕ ਮੁੱਖ ਕਮਰੇ ਜਿਸ ਦੀ ਚੌੜਾਈ ਦਸ ਫੁੱਟ ਅਤੇ ਲੰਬਾਈ ਲਗਭਗ ੩੦ ਫੁੱਟ ਹੈ, ਵਿੱਚ ਪਾਲਕੀ ਸਾਹਿਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਅਤੇ ਇੰਝ ਇਸ ਕਸਬੇ ਫੂਲਪੁਰ ਵਿੱਚ "ਗੁਰਦੁਆਰਾ ਸੰਗਤ ਗੁਰੂ ਨਾਨਕ ਦਰਬਾਰ" ਫੂਲਪੁਰ, ਜ਼ਿਲ੍ਹਾ ਆਜ਼ਮਗੜ੍ਹ (ਯੂ. ਪੀ.) ਸਥਾਪਿਤ ਹੋਇਆ । ਰਜਿਸਟਰੀ ਮੁਤਾਬਕ ਇਹ ਗੁਰਦੁਆਰਾ ਉਸ ਸਮੇਂ ਗਲੀ ਟਾਉਨ ਏਰੀਆ ਵਿੱਚ ਸੀ ਜਿਸ ਨੂੰ ਅੱਜ ਕਲ 'ਗਲੀ ਸੰਗਤ ਗੁਰੂ ਨਾਨਕ' ਕਿਹਾ ਜਾਂਦਾ ਹੈ। ਇਹ ਸ਼ਹਿਰ ਦੇ ਮੁੱਖ ਵਪਾਰਕ ਧੁਰੇ ਛਨੀਚਰ ਬਾਜ਼ਾਰ ਤੋਂ ਗਲੀ ਕੱਟਦੀ ਹੈ। ਮੌਕੇ ਤੇ ਦੁਕਾਨਦਾਰ ਇਸ ਨੂੰ 'ਗਲੀ ਗੁਰਦੁਆਰਾ' ਵੀ ਕਹਿੰਦੇ ਹਨ।ਹੁਣ ਇਸ ਕਮਰੇ ਦੀ ਛਤ ਜਰਜਰ ਹੋਈ ਪਈ ਹੈ ਅਤੇ ਡਿੱਗਣ ਵਾਲੀ ਹੈ।
ਸਿੱਖਾਂ ਦੇ ਧਾਰਮਿਕ, ਸਿਆਸੀ, ਸਮਾਜੀ ਅਤੇ ਬੌਧਿਕ ਅਵੈਸਲੇਪਨ ਕਰਕੇ ੨੦ਵੀ ਸਦੀ ਵਿੱਚ ਹਾਲਾਤ ਬਦਲਣੇ ਸ਼ੁਰੂ ਹੋ ਗਏ ਸਨ। ਇਸ ਬਦਲਾਓ ਨੇ ਅਤੇ ਖ਼ਾਲਸੇ ਦੀ ਮਾਤਰ ਭੂਮੀ ਵਿੱਚ ਰਹਿੰਦੀ ਪੰਥ ਖ਼ਾਲਸੇ ਦੀ ਖ਼ਾਲਸਤਾਈ ਰਾਸ਼ਟ੍ਰੀਅਤਾ ਦੀ ਲੀਡਰਸ਼ਿਪ, ਸਿੱਖ ਸਮਾਜ ਦੀ ਵਿਪਰੀਤ ਤੇ ਅੰਤਰਦਵੰਧ ਭਰੀ ਸੌੜੀ ਸੋਚ ਸਦਕਾ, ਇਨ੍ਹਾਂ ਹਲਵਾਈ ਬਿਰਾਦਰੀ ਦੀ ਉਸ ਘਣੀ ਅਬਾਦੀ ਨੂੰ ਮੁੜ ਮੋਨੇ ਤੇ ਉਪਰੰਤ ਹਿੰਦੂ ਧਰਮ ਵਿੱਚ ਵਿਲੀਨ ਕਰ ਲਿਆ ਗਿਆ ਹੈ। ਸਿੱਖ ਸਮਾਜ ਆਪਣੇ ਹੀ ਗੁਰੂ ਪੰਥ ਦੇ ਖੁਦ ਆਪ ਗੁਰੂ ਵਰੋਸਾਏ ਪਰਿਵਾਰ ਨੂੰ ਆਪਣਾ ਅੰਗ ਨਹੀਂ ਬਣਾ ਅਤੇ ਸਵੀਕਾਰ ਸਕਿਆ । ਪੰਥ ਖ਼ਾਲਸੇ ਦੇ ਨਵ ਪੁੰਗਰੇ ਖ਼ਾਲਸਾਈ ਰਾਸ਼ਟਰਵਾਦ ਵਜੋਂ ਉੱਸਰ ਰਹੇ ਖ਼ਾਲਸਤਾਈਤਾ ਵਾਲੇ ਸਭਿਅਤਾ ਧਾਰੀ ਸਿੱਖ ਸਮਾਜ ਦੀ ਇਹ ਬਹੁਤ ਵੱਡੀ ਨਾਕਾਮਯਾਬੀ ਸਾਬਤ ਹੋਈ ਹੈ ਕਿ ਉਹ ਆਪਣੀ ਇਸ ਹਸਤੀ ਨੂੰ "ਅਕਾਲ ਤਖ਼ਤ" ਦਾ ਵਾਰਸ ਹੁੰਦੇ ਹੋਏ ਵੀ ਸਮਝ ਹੀ ਨਹੀਂ ਪਾਇਆ ਹੈ। ਪੁਸ਼ਤੈਨੀ ਪਿਤਾ ਪੁਰਖੀ ਉਸ ਸਿੱਖ ਸਮਾਜ ਨੇ ਜਿਨ੍ਹਾਂ ਦਾ ਸਬੰਧ ਪੰਜਾਬ ਦੀ ਧਰਤੀ ਨਾਲ ਰਿਹਾ ਹੈ, ਇਨ੍ਹਾਂ ਇਸ ਇਲਾਕੇ ਵਿੱਚ ਸਜੀ ਨਵੀਂ ਸਿੱਖੀ ਨੂੰ ਕਦੇ ਵੀ ਆਪਣੇ ਪਰਿਵਾਰ ਵਿੱਚ ਜੰਮੇ ਸਿੱਖ ਬੱਚੇ ਦੀ ਤਰ੍ਹਾਂ ਸਵੀਕਾਰ ਨਹੀਂ ਕੀਤਾ। ਇਨ੍ਹਾਂ ਹੀ ਨਹੀਂ ਇਨ੍ਹਾਂ ਵਰਗੇ ਹੀ ਹੋਰ ਬਹੁਤ ਸਾਰਿਆਂ ਨੂੰ ਸਦੈਵ ਨਕਾਰਿਆ, ਦੁਰਕਾਰਿਆ ਅਤੇ ਦੋਇਮ ਦਰਜੇ ਦੇ ਪੰਥਕ ਵਸਨੀਕ ਕਰਕੇ ਵਿਉਹਾਰ ਦਿੱਤਾ ਗਿਆ ਹੈ । ਇਹ ਲੋਕ ਅਪਣੱਤ ਲਈ ਪੰਥ ਖ਼ਾਲਸੇ ਦੀ ਪੈਤ੍ਰਿਕ ਧਰਤੀ ਪੰਜਾਬ ਵੱਲ ਆਪਣੀ ਰਾਸ਼ਟਰੀ ਖ਼ਾਲਸਤਾਈ ਪਹਿਚਾਣ ਦੀ ਸਦੀਵਤਾ ਲਈ, ਉਸ ਤੋਂ ਮਾਣਤਾ ਅਤੇ ਰੱਖਿਆ ਲਈ ਬੜੀ ਨੀਝ ਅਤੇ ਆਸ ਨਾਲ ਤੱਕਦੇ ਅਤੇ "ਪੰਥ" ਤੋਂ ਬਹੁੜਨ ਦੀ ਉਮੀਦ ਰੱਖਦੇ ਰਹੇ। ਇੰਝ ਹੋਲੇ ਹੋਲੇ ਬੇਆਸੇ ਹੋ ਕੇ ਵਾਪਿਸ ਮੁੜਦੇ ਰਹੇ। ਖ਼ਾਲਸੇ ਦੀ ਰਾਸ਼ਟਰੀਅਤਾ ਪ੍ਰਤੀ ਇਹ ਜਿੰਮੇਵਾਰੀ "ਪੰਥ ਖ਼ਾਲਸਾ" ਆਪਣੀ ਰਾਸ਼ਟਰੀ ਪਹਿਚਾਣ ਅਤੇ ਰੱਖਿਆ ਦਾ ਫ਼ਰਜ਼ ਨਿਬਾਹੁਣ ਵਿੱਚ ਅੱਜ ਤਕ ਕਾਮਯਾਬ ਨਹੀਂ ਹੋ ਰਿਹਾ ਹੈ। ਵਿਆਪਕ ਪੱਧਰ ਤੇ ਪੰਥ ਖ਼ਾਲਸਾ ਨੂੰ ਇਹ ਸੋਚ ਅੱਜ ਤਕ ਕਿਸੇ ਨੇ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਪਾਸੇ ਕੌਮੀ ਪੱਖੋਂ ਉਲਾਰਨ ਲਈ ਖ਼ਾਲਸੇ ਨੂੰ ਰਾਸ਼ਟਰੀ ਸੋਚ ਦਾ ਧਾਰਨੀ ਬਣਾਉਣ ਲਈ ਬਹੁਤ ਕੁਝ ਕਰਨ ਦੀ ਲੋੜ ਹੈ। ਪਰ ਇਸ ਬੌਧਿਕ, ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਉਣਤਾਈ ਨੇ ਪੰਥ ਦਾ ਹੁਣ ਤਕ ਨਾ ਪੂਰਨ ਵਾਲਾ ਬਹੁਤ ਵੱਡਾ ਨੁਕਸਾਨ ਕਰਵਾਇਆ ਹੈ।
ਹਾਲਾਂ ਕਿ ਹਲਵਾਈ ਬਿਰਾਦਰੀ ਵਿੱਚੋਂ ਸਜੇ ਇਹ ਸਭ ਸਿੱਖ ਚੰਗੇ ਰੱਜੇ ਪੁੱਜੇ ਪਰਿਵਾਰਾਂ ਵਿੱਚੋਂ ਸਨ। ਜਿੰਨਾਂ ਦਾ ਪੇਸ਼ਾ ਦੁਕਾਦਾਰੀ ਸੀ ਪਰ ਇਹ ਲੋਕ ਜਮੀਦਾਰ ਵੀ ਸਨ ਜਿਸ ਦੀ ਪੁਸ਼ਟੀ ਗੁਰਦੁਆਰਾ ਸਾਹਿਬ ਦੀ ਕਰਵਾਈ ਗਈ ਰਜਿਸਟਰੀ ਕਰਦੀ ਹੈ। ਪੰਥ ਖ਼ਾਲਸਾ ਦੀ ਰਾਸ਼ਟਰੀਅਤਾ ਵਿੱਚ ਸਿੱਖ ਸਮਾਜ ਵਲੋਂ ਮਿਲੀ ਤ੍ਰਿਸਕਾਰੀ ਹਕੀਕਤ ਅਤੇ ਨਾ ਪਰਵਾਨਣ ਦੇ ਨਾਲੋਂ ਨਾਲ ਇਨ੍ਹਾਂ ਵੱਲ ਉੱਕਾ ਹੀ ਧਿਆਨ ਨਾ ਦੇਣ ਦੀ ਵਜ੍ਹਾ ਕਰਕੇ ੧੯੨੦ ਤੋਂ ਦੇਸ਼ ਵੰਡ ਤਕ ਅਤੇ ਫਿਰ ੧੯੪੭ ਤੋਂ ਬਾਅਦ ਇਹ ਹਾਲਾਤ ਬਹੁਤ ਹੀ ਤੇਜੀ ਨਾਲ ਪਰਿਵਰਤਿਤ ਹੋਏ ਹਨ। ਇਸ ਪਾਸੇ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ। ਵਰਤਮਾਨ ਹਾਲਾਤ ਇਹ ਹਨ ਕਿ ਇਸ ਹਲਵਾਈ ਬਿਰਾਦਰੀ ਵਿੱਚੋਂ ਹੁਣ ਕੋਈ ਵੀ "ਕੇਸਾਧਾਰੀ ਸਿੱਖ ਨਹੀਂ ਬਚਿਆ ਹੈ" ਅਤੇ "ਕੋਈ ਮੋਨਾ ਵਿਅਕਤੀ" ਵੀ ਆਪਣੇ ਆਪ ਨੂੰ 'ਸਿੱਖ' ਨਹੀਂ ਅਖਵਾਉਂਦਾ ਹੈ। ਇਹ ਇਕ ਵੱਡੀ ਅਬਾਦੀ ਫਿਰ ਵਾਪਸ ਹਿੰਦੂ ਬਣ ਗਈ ਹੈ। ਇਨ੍ਹਾਂ ਹਾਲਾਤਾਂ ਨਾਲ ਦਰਪੇਸ਼ ਇਸੇ ਜ਼ਿਲ੍ਹੇ ਵਿੱਚ ਹੀ ਹੈ ਫੂਲਪੁਰ। ਸਿੱਖੀ ਦੇ ਧੁਰੇ ਸ੍ਰੀ ਦਰਬਾਰ ਸਾਹਿਬ ਤੋਂ ਲਗਭਗ ੧੫੦੦ ਕਿਲੋਮੀਟਰ ਦੂਰ ਅਤੇ ਪਟਿਆਲਾ ਤੋਂ ਸੜਕ ਰਸਤੇ ਲਗਭਗ ੧੨੫੦ ਕਿਲੋਮੀਟਰ, ਮੈਂ ਖ਼ਾਲਸਾ ਪੰਥ ਦੀ ਇਸ ਨਵੇਕਲੀ ਇਕਲੋਤੀ ਇਕੋ ਇਕ ਵਿਰਾਸਤ ਵਾਲੇ ਇਤਿਹਾਸਕ "ਗੁਰੂਦੇਵ ਗੁਰੂ ਨਾਨਕ ਸ਼ਾਹ ਦੇ ਸੰਗਤ ਗੁਰੂ ਨਾਨਕ ਗੁਰਦੁਆਰਾ ਸਾਹਿਬ" ਵਿੱਚ ਖੜਾ ਹਾਂ।
ਅੱਜ ਕਲ ਇਸ ਕਸਬੇ ਫੂਲਪੁਰ ਵਿੱਚ ਆਪਸ ਵਿੱਚ ਰਿਸ਼ਤੇਦਾਰ ਸਿਰਫ਼ ਦੋ ਸਿੱਖ ਪਰਿਵਾਰ ਰਹਿੰਦੇ ਹਨ। ਜਿਨ੍ਹਾਂ ਦੇ ਪੁਰਖੇ ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਕਦੇ ਰੁਜ਼ਗਾਰ ਲਈ ਇਸ ਧਰਤੀ ਤੇ ਆਨ ਕੇ ਵਸੇ ਸਨ । ਇਹ ਪਰਿਵਾਰ ਅਤੇ ਇਲਾਕੇ ਦੇ ਹੋਰ ਸਿੱਖ ਵੀ ਇਸ ਕਸਬੇ ਦੇ ਛਨੀਚਰ ਬਾਜ਼ਾਰ ਵਿੱਚ ਸਥਿਤ ਗੁਰਦੁਆਰਾ ਸਾਹਿਬ ਨਾਲ ਆਪਣਾ ਸਰੋਕਾਰ ਘਟ ਹੀ ਰੱਖਦੇ ਰਹੇ ਹਨ। ਜਿਸ ਦੀ ਵਜ੍ਹਾ ਹੈ ਉਪਰੋਕਤ ਬਿਆਨ ਕੀਤੇ ਕਾਰਨਾਂ ਨਾਲ ਬਿਰਾਦਰੀ ਵਾਦ ! ਇਸ ਗੁਰਦੁਆਰਾ ਸਾਹਿਬ ਦਾ ਸਬੰਧ ਉਸੇ ਹਲਵਾਈ ਬਿਰਾਦਰੀ ਨਾਲ ਹੈ ਜਿਸ ਦੀ ਖੋਜ ਕਰਨ ਤੋਂ ਬਾਅਦ ਦਾਸ ਉਨ੍ਹਾਂ ਨੂੰ ਸਿੱਖ ਕੌਮ ਅਤੇ ਖ਼ਾਲਸਾ ਪੰਥ ਵਿੱਚ ਮੁੜ ਉਜਾਗਰ ਅਤੇ ਸਥਾਪਿਤ ਕਰ ਰਿਹਾ ਹੈ।
ਗੁਰੂ ਨਾਨਕ ਨਾਮ ਲੇਵਾ ਗੁਰ ਸਿੱਖੋ !
ਅਜਿਹੇ ਸੰਗੀਨ ਹਾਲਾਤਾਂ ਵਿੱਚ ਹੀ ਦਰਪੇਸ਼ ਹੈ ਕਸਬਾ ਫੂਲਪੁਰ ਦਾ ਗੁਰਦੁਆਰਾ ਸੰਗਤ ਗੁਰੂ ਨਾਨਕ ਦਰਬਾਰ ਦੀ ਇਹ ਗਾਥਾ ਜੋ ਇਸ ਸਥਾਨ ਵੱਲ ਗੁਰੂ ਪੰਥ ਖ਼ਾਲਸੇ ਦਾ ਧਿਆਨ ਖਿੱਚਦੀ ਹੈ।
ਗੁਰੂ ਨਾਨਕ ਸਾਹਿਬ ਦੀ ਸਿੱਖੀ ਦੇ ਸਿੱਖ ਪਰਿਪੇਖ ਵਿੱਚ ਇਹ ਕਸਬਾ ਅਤੇ ਗੁਰਦੁਆਰਾ ਬੜੀ ਹੀ ਸੰਗੀਨ ਹਾਲਾਤ ਵਿੱਚੋਂ ਗੁਜ਼ਰ ਰਿਹਾ ਹੈ। ਆਜ਼ਮਗੜ੍ਹ ਵਿੱਚ ਕਾਫ਼ੀ ਸਿੱਖ ਅਬਾਦੀ ਸੀ ਜੋ ਨਵੰਬਰ ੧੯੮੪ ਦੇ ਸਿੱਖ ਨਸਲ ਘਾਤ ਵਿੱਚ ਇਸ ਇਲਾਕੇ ਨੂੰ ਛੱਡ ਕੇ ਪੰਜਾਬ ਆ ਗਈ। ਜੋ ਪੰਜਾਬ ਚਲੇ ਗਏ ਮੈਂ ਉਨ੍ਹਾਂ ਨੂੰ ਵੀ ਮਿਲ ਕੇ ਆਪਣੀ ਖੋਜ ਦੀ ਤਹਿ ਤਕ ਅਪੜਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦਾ ਆਪਣਾ ਹੀ ਦੁੱਖ ਹੈ। ਆਜ਼ਮਗੜ੍ਹ ਸ਼ਹਿਰ ਦੇ ਪ੍ਰਸਿੱਧ ਵਿਉਪਾਰੀ ਅਤੇ ਵਕੀਲ ਸ. ਮਨਮੋਹਨ ਸਿੰਘ ਜੋ ਨਵੰਬਰ ੧੯੮੪ ਤੋਂ ਬਾਅਦ ਜਲੰਧਰ ਆਨ ਵਸੇ ਹਨ ਅਤੇ ਜ਼ਿਲ੍ਹਾ ਕਚਹਿਰੀਆਂ ਵਿੱਚ ਪ੍ਰੈਕਟਿਸ ਕਰਦੇ ਹਨ ਦਾ ਕਹਿਣਾ ਹੈ ਕਿ "ਅਸੀਂ ਉੱਜੜ ਕੇ ਤਾਂ ਆ ਗਏ ਹਾਂ ਪਰ ਇੱਥੇ ਆਨ ਕੇ ਉੱਜੜਿਆਂ ਤੋਂ ਵੀ ਮਾੜੀ ਹਾਲਤ ਵਿੱਚ ਹਾਂ । ਕਿਸੇ ਬਾਤ ਨਹੀਂ ਪੁੱਛੀ। ਸਰਕਾਰ ਨੇ ਸਿਰਫ਼ ਵਾਅਦੇ ਕੀਤੇ ਤੇ ਦਿੱਤਾ ਝੂੰਗਾ ਵੀ ਨਹੀਂ।" ਇਹ ਦਰਦ ਅਤੇ ਇਸ ਦੀ ਟੀਸ ਬਹੁਤ ਗੰਭੀਰ ਹੈ। ਇਹ ਉਹ ਸਿੱਖ ਹਨ ਜਿਹੜੇ ਸਿੱਖ ਘਰਾਣਿਆਂ ਵਿੱਚ ਹੀ ਜੰਮੇ ਸਨ। ਜਦ ਉਨ੍ਹਾਂ ਨੂੰ ਵੀ ਮੂਲ ਪੰਥ ਖ਼ਾਲਸੇ ਦੀ ਰਾਸ਼ਟਰੀ ਧਰਤੀ ਦੇ ਵਾਰਸਾਂ ਨੇ ਨਹੀਂ ਝੱਲਿਆਂ ਤਾਂ ਜਿਹੜੇ ਹਿੰਦੂ ਤੋਂ ਸਿੱਖ ਸਜੇ ਸਨ ਉਨ੍ਹਾਂ ਦੀ ਤਾਂ ਫਿਰ ਗੱਲ ਕਰਨੀ ਹੀ ਕੀ ਵਿਅਰਥ ਨਹੀਂ ਜਾਪਦੀ ? ਇੱਥੇ ਇਸ ਸਮੀਕਰਨ ਤੇ ਵੀ ਗੰਭੀਰ ਅਤੇ ਬਰੀਕ ਝਾਤ ਮਾਰਨ ਅਤੇ ਚਿੰਤਨ ਕਰਨ ਦੀ ਲੋੜ ਹੈ ਕਿ ਜਿਵੇਂ ਦੇ ਵਰਤਾਰੇ ਬਾਰੇ ਇਹ ਸਿੱਖ ਹੁਣ ਪੰਜਾਬ ਆਣ ਕੇ ਸ਼ਿਕਾਇਤ ਕਰ ਰਹੇ ਹਨ ਕੀ ਠੀਕ ਇੰਝ ਦਾ ਹੀ ਵਰਤਾਰਾ ਇਹ ਪੈਦਾਇਸ਼ੀ ਸਿੱਖੀ ਦੇ ਵਾਰਸ ਖੁਦ ਉਨ੍ਹਾਂ ਇਲਾਕਿਆਂ ਵਿੱਚ ਉਨ੍ਹਾਂ ਲੋਕਾਂ ਨਾਲ ਨਹੀਂ ਕਰਕੇ ਆਏ ਜਿਹੜੇ ਹੋਰ ਧਰਮਾਂ ਤੋਂ ਗੁਰੂ ਨਾਨਕ ਦੀ ਸਿੱਖੀ ਵਿੱਚ ਆਏ ਸਨ ? ਇਸ ਸਵਾਲ ਦਾ ਜਵਾਬ ਸਿੱਖ ਸਭਿਅਤਾ ਨੂੰ ਲੱਭਣ ਅਤੇ ਇਸ ਸਮੀਕਰਨ ਦਾ ਸਹੀ ਰਾਸ਼ਟਰੀ ਪਰਿਪੇਖ ਤੋਂ ਇਕ ਸਮਾਨ ਹੱਲ ਕੱਢਣ ਦੀ ਬਹੁਤ ਵੱਡੀ ਲੋੜ ਅਤੇ ਸ਼੍ਰੋਮਣੀ ਪਹਿਲ ਹੈ। ਕਾਸ਼ ਸਿੱਖਾਂ ਦੀ ਹਰ ਪੱਧਰ ਦੀ ਲੀਡਰਸ਼ਿਪ ਇਨ੍ਹਾਂ ਸਵਾਲਾ ਦੇ ਪੰਥਕ ਰਾਸ਼ਟਰੀਅਤਾ ਦੀ ਖ਼ਾਲਸਤਾਈਤਾ ਵਾਲੀ ਸਮਾਜਿਕਤਾ ਦੀ ਲੋੜ ਮੁਤਾਬਕ ਠੋਸ ਅਤੇ ਸਦੀਵੀ ਹੱਲ ਕੱਢਣ ਦੀ ਹਾਣੀ ਬੰਨ ਸਕੇ !
੮੪ ਦੀ ਮਾਰੂ ਹੋਣੀ ਸਮੇਂ ਇਨ੍ਹਾਂ ਪੇਦਾਇਸ਼ੀ ਸਿੱਖਾਂ ਦੀਆਂ ਦੁਕਾਨਾਂ ਸ਼ਰੇਆਮ ਲੁੱਟ ਲਈਆਂ ਗਈਆਂ ਸਨ ਤੇ ਫਿਰ ਬਾਅਦ ਵਿੱਚ ਅੱਗ ਲਾ ਦਿੱਤੀ ਗਈ ਸੀ। ਇਹ ਸਭ ਪਰਿਵਾਰ ਆਪਣੇ ਬਾਹੂ ਬਲ ਨਾਲ ਬਚੇ ਸਨ ਤੇ ਹੁਣ ਪੰਜਾਬ ਦੇ ਵੱਖੋ ਵੱਖ ਸ਼ਹਿਰਾਂ ਵਿੱਚ ਆਪਣੀ ਹੀ ਮਸ਼ੱਕਤ ਨਾਲ ਮੁੜ ਲੀਹਾਂ ਤੇ ਆਉਣ ਦੀ, ਜੂਨ ੮੪ ਤੋਂ ਬਾਅਦ ਤੋਂ ਹੀ ਕੋਸ਼ਿਸ਼ ਵਿੱਚ ਰਾਤ ਦਿਨ ਇਕ ਕਰਦੇ ਪਏ ਹਨ। ਇਨ੍ਹਾਂ ਦੇ ਇਸ ਦਰਦ ਨੂੰ ਸਿੱਖ ਕੌਮ, ਅਕਾਲੀ ਲੀਡਰ ਅਤੇ ਅਕਾਲੀ ਸਰਕਾਰ ਸਮਝ ਨਹੀਂ ਸਕੀ ਹੈ ਕਿ "ਉਹ ਜੀਵਨ ਪੱਧਰ ਜੋ ਉਹ ਆਪਣੇ ਪਿਛਲੇ ਸ਼ਹਿਰਾਂ ਵਿੱਚ ਛੱਡ ਕੇ ਆਏ ਹਨ, ਪੰਜਾਬ ਵਿੱਚ ਮੁੜ ੨੬ ਸਾਲਾਂ ਵਿੱਚ ਵੀ ਹਾਸਲ ਕਿਉਂ ਨਹੀਂ ਕਰ ਪਾਏ ਹਨ" ਤੇ ਹੁਣ ਉਹ ਬੇ ਆਸੇ, ਬੇਉੱਮੀਦ ਅਤੇ ਨਿਰਾਸ਼ ਹੋ ਕੇ ਕੁੜ੍ਹਨ ਦੀ ਜਿੰਦਗੀ ਨੂੰ ਆਪਣੀ ਦਲੇਰੀ ਨਾਲ ਜੀਅ ਰਹੇ ਹਨ।
ਮੈਂ ਇਸ ਵਕਤ ਫੂਲਪੁਰ ਵਿੱਚ ਹੀ ਹਾਂ। ਜਿੱਥੇ ਹਾਲਾਤ ਇਸ ਤੋਂ ਬਿਲਕੁਲ ਵਿਪਰੀਤ ਹਨ।ਲਗਭਬ ਇਕ ਸਾਲ ਪਹਿਲਾਂ ਦਾ ਵਾਕਿਆ ਹੈ। ਮੇਰੀ ਖੋਜ਼ ਦਾ ਕਾਰਜ ਹਾਲੇ ਅਧਵਾਟੇ ਹੈ ਤੇ ਸਮਸਿਆ ਬੜੀ ਗੰਭੀਰ ਹੋ ਚੁਕੀ ਹੈ। ਜਿਸ ਕਰਕੇ ਮੈਨੂੰ ਅੱਡ ਤੋਂ "ਫੂਲਪੁਰ" ਅਤੇ ਸੰਖੇਪ ਵਿੱਚ "ਹਲਵਾਈ ਬਿਰਾਦਰੀ" ਬਾਰੇ ਹਕੀਕਤ ਸਾਹਮਣੇ ਲਿਆਉਣੀ ਪੈ ਰਹੀ ਹੈ।ਅੱਗ ਉਗਲਦੀ ਧਰਤੀ ਤੋਂ ਤਪਦੀ ਗਰਮੀ ਨੇ ਚਮੜੀ ਝੁਲਸ ਦਿੱਤੀ ਹੈ। ਬੁੱਧਵਾਰ ੧੪ ਜੂਨ ੨੦੧੧, ਸ੍ਰੀ ਅਨੰਦ ਪ੍ਰਕਾਸ਼ ਨੰਦੂ ਜੋ ਹੁਣ ੯੫ ਸਾਲਾਂ ਦੇ ਹੋ ਗਏ ਹਨ, ਇਸ ਕਸਬੇ ਦੇ ਸਭ ਤੋਂ ਵਡੇਰੇ ਬਜ਼ੁਰਗ ਹਨ। ਇਹ ਉਸ "ਸਿੱਖ" ਖਾਨਦਾਨ ਵਿੱਚੋਂ ਹੀ ਹਨ ਜਿਨ੍ਹਾਂ ਦੇ ਪੁਰਖਿਆਂ ਨੇ ਫੂਲਪੁਰ ਵਿੱਚ "ਗੁਰਦੁਆਰਾ" ਸਾਹਿਬ ਬਨਾਵਇਆ ਅਤੇ ਉਸ ਦੀ ਰਜਿਸਟਰੀ ਕਰਵਾਈ ਸੀ । ਇਸ ਗੁਰਦੁਆਰਾ ਸਾਹਿਬ ਦੀ ਚਾਬੀ ਅਤੇ ਸਾਂਭ ਸੰਭਾਲ ਅਤੇ ਇਮਾਰਤ ਇਨ੍ਹਾਂ ਦੇ ਕਬਜੇ ਵਿੱਚ ਹੈ। ਸੁਚੇਤ ਹਨ ਅਤੇ ਸਭ ਘਟਨਾਵਾਂ ਅਤੇ ਵਾਕਿਆਤ ਯਾਦ ਹਨ। ਬਿਮਾਰ ਰਹਿੰਦੇ ਹਨ ਇਸ ਲਈ ਘਰੋਂ ਬਾਹਰ ਨਹੀਂ ਜਾਂਦੇ। ਅਸੀਂ ਇਨ੍ਹਾਂ ਦੇ ਘਰ ਦੇ ਬਾਹਰ ਸੜਕ ਤੇ ਖੜੇ ਹਾਂ। ਉਹ ਸਾਨੂੰ ਮਿਲਣ ਤੋਂ ਨਾਹ ਕਰ ਰਹੇ ਹਨ। ਇਹ ਉਹ ਸ਼ਖ਼ਸ ਹੈ ਜਿਸ ਦੇ ਵਡੇਰੇ ਗੁਰੂ ਨਾਨਕ ਦੀ ਸੰਗਤ ਵਿੱਚ ਆਉਣ ਤੋਂ ਬਾਅਦ ਸਿੱਖ ਸੱਜ ਗਏ ਸਨ। ਇਸ ਵਿੱਚ ਹਾਲੇ ਵੀ ਸਿੱਖੀ ਜਜ਼ਬਾ ਹੈ। ਇਸ ਦਾ ਸਪੁੱਤਰ ਹੈ ਸ੍ਰੀ ਬ੍ਰਿਘੁਨਾਥ ਗੁਪਤਾ। ਇਹ ਧਾਰਮਿਕ ਪ੍ਰਵਿਰਤੀ ਦੇ ਸੂਝਵਾਨ ਮਨੁੱਖ ਹਨ। ਜੋ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਧਾਰਮਿਕ ਸਮਾਗਮਾਂ ਵਿੱਚ ਸਵੈ ਇੱਛਾ ਨਾਲ ਅਤੇ ਨਿਸ਼ਕਾਮ ਭਜਨ ਗਾਉਂਦੇ ਅਤੇ ਸੰਕੀਰਤਨ ਕਰਦੇ, ਜਗਰਾਤੇ ਲਾਉਂਦੇ ਹਨ। ਇਲਾਕੇ ਵਿੱਚ ਚੰਗਾ ਨਾਮ ਰੱਖਦੇ ਹਨ। ਪੇਸ਼ੇ ਤੋਂ ਅਨੂਪਮ ਵਸਤ੍ਰਆਲਿਯਾ ਕਸਬੇ ਦੇ ਛਨੀਚਰ ਬਾਜ਼ਾਰ ਵਿੱਚ ਚਲਾਉਂਦੇ ਹਨ। ਇਹ ਹਲਵਾਈ ਬਿਰਾਦਰੀ ਦਾ ਉਹ ਖ਼ਾਨਦਾਨ ਹੈ ਜੋ ਸਦੀਆਂ ਪਹਿਲਾਂ, ਜਿਸ ਦਾ ਸਮਾਂ ਕਾਲ ਇਨ੍ਹਾਂ ਦੇ ਬਜ਼ੁਰਗ ਨੂੰ ਪਤਾ ਨਹੀਂ ਤੇ ਉਹ ਇਹੋ ਆਖਦੇ ਹਨ "ਪਿਤਾ ਦਾਦਾ ਕੇ ਸਮੇਂ ਸੇ ਗੁਰੂ ਨਾਨਕ ਕੀ ਸੰਗਤ ਮੈਂ ਹੈ", ਸਿੱਖ ਸਜੇ ਸਨ ਤੇ ਹੁਨ ਰੁਜ਼ਗਾਰ ਵਜੋਂ ਹਲਵਾਈ ਦਾ ਪੇਸ਼ਾ ਛੱਡ ਚੁਕੇ ਹਨ।
ਇਸ ਕਸਬੇ ਵਿੱਚ ੧੯੪੭ ਦੀ ਭਾਰਤ ਪਾਕਿਸਤਾਨ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਇਕ ਪਰਿਵਾਰ ਸ. ਸਰਦਾਰਾ ਸਿੰਘ ਆਇਆ। ਸ. ਸਰਦਾਰਾ ਸਿੰਘ ਦੇ ਪਰਿਵਾਰ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਵਰੋਸਾਏ ਇਸੇ ਪਰਿਵਾਰ ਦੇ ਵਡੇਰੇ ਸ੍ਰੀ ਮਾਤਾ ਬਦਲ ਅਤੇ ਇਨ੍ਹਾਂ ਦੇ ਭਾਈ ਸ੍ਰੀ ਚੰਮਰ ਰਾਮ ਜੀ ਨੇ ਆਪਣੇ ਘਰ ਵਿੱਚ ਸ਼ਰਣ ਦਿੱਤੀ ਤੇ ਬੜੇ ਹੀ ਪਿਆਰ ਸਤਿਕਾਰ ਨਾਲ ਰੱਖਿਆ।ਸ. ਸਰਦਾਰਾ ਸਿੰਘ ਦਾ ਪਰਿਵਾਰ ੧੯੪੭ ਤੋਂ ਬਾਅਦ ਦੋ ਕੁ ਸਾਲ ਇੱਥੇ ਰਿਹਾ ਤੇ ਫਿਰ ਇੱਥੋਂ ਪਟਨਾ ਸਾਹਿਬ ਦੇ ਨੇੜੇ ਜਾ ਵਸਿਆ। ਉਸ ਤੋਂ ਬਾਅਦ ਇਸ ਸਥਾਨ ਤੇ ਕੋਈ ਵੀ ਸੇਵਾ ਸੰਭਾਲ ਨਹੀਂ ਹੋਈ। ਦਿਨ ਤਿਉਹਾਰ ਤੇ ਸ੍ਰੀ ਅਨੰਦ ਪ੍ਰਕਾਸ਼ ਨੰਦੂ ਸੇਵਾ ਕਰ ਦਿੰਦਾ ਸੀ ਜੋ ਪਰਿਪਾਟੀ ਹੋਲੇ ਹੋਲੇ ਮੁੱਕ ਗਈ।
੧੫ ਕੁ ਸਾਲ ਪਹਿਲਾਂ ਇਨ੍ਹਾਂ ਪਾਸ ਪੰਜਾਬ ਤੋਂ ਕੋਈ ਆਪਣੇ ਆਪ ਨੂੰ ਪ੍ਰੋਫੈਸਰ ਦੱਸਦਾ ਬੰਦਾ ਆਇਆ ਸੀ, ਜਿਸ ਨਾਲ ਕੁਝ ਹੋਰ ਬੰਦੇ ਵੀ ਸਨ। ਇਨ੍ਹਾਂ ਤੋਂ ਇਹ ਗ੍ਰੰਥ ਮੰਗੇ ਸਨ ਜੋ ਇਨ੍ਹਾਂ ਦੇਣ ਤੋਂ ਨਾਹ ਕਰ ਦਿੱਤੀ। ਇਨ੍ਹਾਂ ਪਾਸ ਵਹੀ ਖਾਤੇ ਵਾਂਗ ਲਿਖੇ ਕੁਝ ਹੋਰ ਹੱਥ ਲਿਖਤ ਗ੍ਰੰਥ ਵੀ ਸਨ। ਜੋ ਲੰਬਵਤ ਆਕਾਰ ਦੇ ਸਨ। ਉਹ ਲੋਕ ਇਨ੍ਹਾਂ ਤੋਂ ਉਹ ਲੈ ਕੇ ਗਏ ਕਿ ਅਸੀਂ ਅਧਿਐਨ ਕਰਕੇ ਵਾਪਸ ਮੋੜ ਦਿਆਂਗੇ। ਉਹ ਜਦ ਦੋ-ਤਿੰਨ ਸਾਲ ਨਾ ਮੁੜੇ ਤਾਂ ਇਨ੍ਹਾਂ ਨੇ ਜੋ ਉਹ ਪਤਾ ਤੇ ਆਪਣਾ ਨਾਮ ਦੱਸ ਕੇ ਲੈ ਕੇ ਗਏ ਸਨ ਉਸ ਪਤੇ ਤੇ ਆਪ ਗਏ ਤਾਂ ਅੱਗੋਂ ਸਭ ਕੁਝ ਝੂਠ ਨਿਕਲਿਆ। ਇਨ੍ਹਾਂ ਕਾਫੀ ਪੁੱਛ ਪੜਤਾਲ ਕੀਤੀ ਪਰ ਕਿਸੇ ਤੋਂ ਕੁਝ ਵੀ ਨਾ ਪਤਾ ਲੱਗਾ । ਸ੍ਰੀ ਬ੍ਰਿਘੁਨਾਥ ਅਨੁਸਾਰ "ਵੋ ਲੋਕ ਧੋਖੇ ਸੇ ਹਮਾਰੀ ਧਰੋਹਰ ਲੇ ਕਰ ਫਰਾਰ ਹੋ ਗਏ। ਹਮਨੇ ਸਿੱਖ ਸਮਾਜ ਪਰ ਭਰੋਸਾ ਕਰ ਕੇ ਉਨ ਕੋ ਵੋ ਗ੍ਰੰਥ ਦੀਏ ਥੇ ਕਿ ਹਮਕੋ ਭੀ ਮਾਲੂਮ ਹੋ ਕਿ ਉਨ ਮੇ ਕਿਯਾ ਹੈ। ਪਰ ਵੋ ਹਮਸੇ ਛਿਨ ਗਏ।" ਉਨ੍ਹਾਂ ਦਾ ਕਹਿਣਾ ਹੈ ਕਿ "ਅਬ ਹਮੇਂ ਕਿਸੀ ਪਰ ਭੀ ਭਰੋਸਾ ਨਹੀਂ ਹੈ"।
ਇਹੋ ਕਾਰਨ ਹੈ ਕਿ ਮੈਂ ਸੜਕ ਤੇ ਉਨ੍ਹਾਂ ਦੇ ਘਰ ਦੇ ਬਾਹਰ ਖੜਾ ਹਾਂ ਤੇ ਉਹ ਮੈਨੂੰ ਮਿਲਣ ਤੋਂ ਇਨਕਾਰੀ ਹਨ।
ਗੁਰੂ ਵਸਤਾਂ ਅਤੇ ਲਿਖਤਾਂ ਦੀ ਆਪਣੀ ਖੋਜ ਰੁਚੀ ਕਰਕੇ ਜਦ ਮੈਂ ਆਪਣੀ ਖੋਜ ਅਧਿਐਨ ਵਿੱਚ ਬਹੁਤ ਗਹਿਰਾ ਗਿਆ ਤਾਂ ਮੈਨੂੰ ਇਸ ਸਥਾਨ ਬਾਰੇ ਪਿਛਲੇ ਸਾਲ ਪਤਾ ਲੱਗਾ।ਮੈਨੂੰ ਇਹੋ ਪਤਾ ਸੀ ਕਿ ਇਨ੍ਹਾਂ ਪਾਸ ਇਨ੍ਹਾਂ ਦੇ ਘਰੇ ਕੁਝ ਗੁਰਮੁਖੀ ਦੇ ਪੁਰਾਤਨ ਗ੍ਰੰਥ ਪਏ ਹਨ। ਮੈਂ ਆਪਣੀ ਪਤਨੀ ਸਰਦਾਰਨੀ ਕਮਲਜੀਤ ਕੌਰ ਨਾਲ ਇਸ ਜ਼ਿਲ੍ਹੇ ਵਿੱਚ ਕੈਪਟਨ ਜਗਤਾਰ ਸਿੰਘ ਨਾਲ ੩੦ ਮਈ ੨੦੧੧ ਨੂੰ ਪਹੁੰਚਿਆ। ਫੂਲਪੁਰ ਵਿੱਚ ਸ. ਸਤਿਨਾਮ ਸਿੰਘ ਮੇਰੇ ਨਾਲ ਹਨ। ਅਸੀਂ ਲੋਕਲ ਸਿੱਖ ਪਰਿਵਾਰ ਸ. ਹਰਜੀਤ ਸਿੰਘ ਨੂੰ ਨਾਲ ਲੈ ਕੇ ਸ੍ਰੀ ਨੰਦੂ ਜੀ ਨੂੰ ਸਮਝਾਉਣ ਅਤੇ ਉਨ੍ਹਾਂ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਵਿੱਚ ਹਾਂ। ਇਹ ਪਰਿਵਾਰ ਅਤੇ ਆਪ ਸ੍ਰੀ ਨੰਦੂ ਜੀ ਅੱਗ ਬਬੂਲਾ ਹੋ ਗਏ। ਉਨ੍ਹਾਂ ਆਪਣੇ ਪਿਛਲੇ ਅਨੁਭਵ ਵਾਂਗ ਹੀ ਸਾਨੂੰ ਵੀ ਲਿਆ ਅਤੇ ਕਾਫ਼ੀ ਬੁਰਾ ਭਲਾ ਕਿਹਾ। ਸਾਡੇ ਤੋਂ ਪਿਛਲੇ ਉਨ੍ਹਾਂ ਗ੍ਰੰਥਾਂ ਬਾਬਤ ਵੀ ਪੁੱਛ ਪੜਤਾਲ ਕਰਨ ਲੱਗ ਪਏ ਜੋ ਪੰਜਾਬ ਦੇ ਕੋਈ ਆਪਣੇ ਆਪ ਨੂੰ ਪ੍ਰੋਫੈਸਰ ਦੱਸ ਕੇ ਪੋਥੀਆਂ ਅਤੇ ਹੱਥ ਲਿਖਤ ਗ੍ਰੰਥ ਲੈ ਗਏ ਸਨ । ਸਾਨੂੰ ਬਹੁਤ ਹੀ ਮੁਸ਼ਕਿਲ ਨਾਲ ਇਨ੍ਹਾਂ ਦੀ ਤਸੱਲੀ ਕਰਾਉਣੀ ਪਈ ਕਿ ਅਸੀਂ ਉਹ ਨਹੀਂ ਹਾਂ। ਪਰ ਇਨ੍ਹਾਂ ਆਪਣੇ ਪਾਸ ਪਏ ਗ੍ਰੰਥ ਦਿਖਾਉਣ ਤੋਂ ਸਿੱਧਾਂ ਨਾ ਕਰ ਦਿੱਤੀ। ਅਸੀਂ ਵਾਪਸ ਨਿਜ਼ਾਮਾਬਾਦ ਮੁੜ ਗਏ। ਜਿੱਥੇ ਅਸੀਂ ਆਪਣਾ ਕੈਂਪ ਆਫਿਸ ਬਣਾਇਆ ਹੈ।
ਮੈਂ ਦੂਜੇ ਦਿਨ ਫਿਰ ਕਹਿਰ ਦੀ ਗਰਮੀ ਵਿੱਚ ਨਿਜ਼ਾਮਾਬਾਦ ਤੋਂ ੧੬ ਕਿਲੋਮੀਟਰ ਦੂਰ ਦੁਬਾਰਾ ਮੋਟਰ ਸਾਈਕਲ ਤੇ ਫੂਲਪੁਰ ਗਿਆ। ਮੈਂ ਅੱਡ ਤੋਂ ਸ੍ਰੀ ਬ੍ਰਿਘੁਨਾਥ ਗੁਪਤਾ ਜੀ ਨੂੰ ਮਿਲਿਆ। ਉਨ੍ਹਾਂ ਨੂੰ ਆਪਣਾ ਮਨੋਰਥ ਦੱਸਿਆ ਅਤੇ ਆਪਣੀ ਖੋਜ ਅਤੇ ਕੀਤੇ ਜਾਣ ਵਾਲੇ ਕੰਮ ਬਾਰੇ ਵਿਸਤਾਰ ਨਾਲ ਸਮਝਾਇਆ। ਮੈਂ ਉਨ੍ਹਾਂ ਨੂੰ ਇਹ ਵੀ ਕਿਹਾ ਕਿ ਮੈਂ ਉਨ੍ਹਾਂ ਪਾਸੋਂ ਕੋਈ ਵੀ ਗ੍ਰੰਥ ਲੈ ਕੇ ਨਹੀਂ ਜਾਣਾ ਹੈ। ਮੈਂ ਉੱਥੇ ਬੈਠ ਕੇ ਹੀ ਉਨ੍ਹਾਂ ਦੇ ਦਰਸ਼ਨ ਕਰਨੇ ਹਨ ਅਤੇ ਜੇ ਮੈਨੂੰ ਲੋੜ ਮਹਿਸੂਸ ਹੋਈ ਤਾਂ ਮੈਂ ਫੋਟੋਗ੍ਰਾਫੀ ਕਰਾਂਗਾ ਅਤੇ ਉਨ੍ਹਾਂ ਨੂੰ ਡਿਜ਼ਿਟਲੀ ਸੰਭਾਲ ਲਵਾਂਗਾ। ਬਸ ਮੈਂ ਇਤਨਾ ਕੰਮ ਅਤੇ ਅਧਿਐਨ ਕਰਨ ਲਈ ਤੁਹਾਥੋਂ ਸਹਿਯੋਗ ਚਾਹੁੰਦਾ ਹਾਂ।ਮੇਰੇ ਐਕਸ ਐਮ.ਪੀ. ਹੋਣ ਦਾ ਉਸ ਨੇ ਜਿਆਦਾ ਪ੍ਰਭਾਵ ਕਬੂਲਿਆ। ਉਸ ਨੂੰ ਇਹ ਗੱਲ ਵੀ ਪਸੰਦ ਆਈ ਕਿ ਮੈਂ ਗ੍ਰੰਥ ਸਿਰਫ਼ ਦੇਖਣੇ ਹਨ ਤੇ ਇੱਥੇ ਹੀ ਬੈਠ ਕੇ ਫੋਟੋਗ੍ਰਾਫੀ ਕਰਨੀ ਹੈ। ਉਸ ਨੂੰ ਮੇਰੀ ਸਾਦਗੀ ਅਤੇ ਸ਼ਰਾਫ਼ਤ ਬਹੁਤ ਪਸੰਦ ਆਈ। ਉਸ ਨੇ ਇਹ ਗੱਲ ਕਬੂਲੀ ਕਿ "ਆਪ ਤੋਂ ਇਤਨੇ ਬੜੇ ਵਿਅਕਤੀ ਹੋ ਕਰ ਇਤਨੀ ਗਰਮੀ ਮੇਂ ਮੋਟਰ ਸਾਈਕਲ ਪਰ ਸਵਾਰ ਹੋ ਕਰ ਆ ਗਏ ਓਰ ਘੰਟੋਂ ਹਮਾਰੇ ਪਿਤਾ ਜੀ ਕੇ ਨਾ ਮਿਲਣੇ ਪਰ ਭੀ ਆਪ ਇੰਤਜਾਰ ਕਰਤੇ ਰਹੇ……"। ਉਸ ਦੇ ਪਿਓ ਨੇ ਮੈਨੂੰ ਮਿਲਣ ਤੋਂ ਤਾਂ ਨਾ ਕਰ ਦਿੱਤੀ ਪਰ ਸ੍ਰੀ ਬ੍ਰਿਘੁਨਾਥ ਨੇ ਆਪਣੇ ਪਿਤਾ ਨੂੰ, ਮੈਨੂੰ ਗ੍ਰੰਥ ਦਿਖਾਉਣ ਲਈ ਮਨਾ ਲਿਆ। ਸ੍ਰੀ ਬ੍ਰਿਘੁਨਾਥ ਜੀ ਨੂੰ ਆਪ ਇਨ੍ਹਾਂ ਗ੍ਰੰਥਾਂ ਬਾਰੇ ਕੁਝ ਵੀ ਨਹੀਂ ਸੀ ਪਤਾ। ਉਸ ਨੇ ਇਨ੍ਹਾਂ ਦੇ ਆਪਣੇ ਜੀਵਨ ਕਾਲ ਵਿੱਚ ਕਦੇ ਵੀ ਦਰਸ਼ਨ ਨਹੀਂ ਸਨ ਕੀਤੇ। ਉਸ ਨੂੰ ਗੁਰਮੁਖੀ ਵੀ ਨਹੀਂ ਆਉਂਦੀ । ਉਹ ਆਪਣੇ ਆਪ ਨੂੰ ਹੁਣ 'ਗੁਰੂ ਨਾਨਕ ਦਾ ਸਿੱਖ' ਵੀ ਨਹੀਂ ਅਖਵਾਉਂਦਾ। ਉਸ ਨੂੰ ਨਾ ਪਤਾ ਹੋਣ ਦੇ ਬਾਵਜੂਦ ਵੀ ਉਹ ਇਨ੍ਹਾਂ ਗ੍ਰੰਥਾਂ ਨੂੰ ਆਪਣੀ ਗੁਰੂ ਨਾਨਕ ਤੋਂ ਮਿਲੀ "ਖ਼ਾਨਦਾਨੀ ਧਰੋਹਰ" ਮੰਨਦਾ ਹੈ ਅਤੇ ਇਨ੍ਹਾਂ ਲਈ ਆਪਣੀ ਜਾਨ ਤਕ ਦੇਣ ਨੂੰ ਤਤਪਰ ਹੈ। ਇਸ ਪੱਖ ਤੋਂ ਉਹ ਬਹੁਤ ਸੰਜੀਦਾ ਅਤੇ ਜਿੰਮੇਵਾਰਾਨਾਂ ਤੇ ਦਲੇਰਾਨਾ ਗੱਲਾਂ ਕਰਦਾ ਹੈ। ਉਹ ਮੰਨਦਾ ਹੈ ਕਿ ਇਨ੍ਹਾਂ ਗ੍ਰੰਥਾਂ ਕਰਕੇ ਹੀ ਉਨ੍ਹਾਂ ਦੇ ਗਰ ਵਿੱਚ ਸਮ੍ਰਿਧੀ ਹੈ। ਉਸ ਨੂੰ ਇਹ ਪਤਾ ਹੈ ਕਿ ਇਹ "ਸਿੱਖਾਂ ਦੇ ਗੁਰੂ ਗੁਰੂ ਨਾਨਕ ਸਾਹਿਬ ਦੀਆਂ ਰਚਨਾਵਾਂ ਨਾਲ ਸਬੰਧਿਤ ਹਨ"। ਉਸ ਨੂੰ ਗੁਰਬਾਣੀ ਦੇ ਕੁਝ ਸ਼ਬਦ ਬਹੁਤ ਹੱਛੇ ਲੱਗਦੇ ਹਨ, ਜੋ ਉਸ ਦੇ ਮਨ ਨੂੰ ਟੁੰਬਦੇ ਹਨ। ਉਸ ਨੇ ਮੈਨੂੰ ਦੱਸਿਆ ਕਿ ਜਗਰਾਤਿਆਂ ਵਿੱਚ ਅਤੇ ਉਂਝ ਪ੍ਰੋਗਰਾਮਾਂ ਵਿੱਚ ਉਹ ਉਨ੍ਹਾਂ ਰਚਨਾਵਾਂ ਦਾ ਗਾਇਨ ਕਰਦਾ ਹੈ। ਜੋ ਉਸ ਨੇ ਆਪਣੇ ਜਤਨ ਨਾਲ ਹਿੰਦੀ ਵਿੱਚ ਇਕ ਵੱਖਰੀ ਕਾਪੀ ਤੇ ਲਿਖੇ ਹੋਏ ਹਨ। ਜਿਸ ਵਿੱਚ ਭਗਤ ਕਬੀਰ ਜੀ ਦੇ ਅਤੇ ਭਗਤ ਫ਼ਰੀਦ ਜੀ ਦੇ ਮਨੁੱਖਤਾ ਨੂੰ ਅੰਦਰ ਤਕ ਖਲਬਲ਼ੀ ਵਿੱਚ ਲਿਆਉਣ ਵਾਲੇ ਸ਼ਬਦ ਸਨ। ਮੈਂ ਉਸ ਤੋਂ ਇਕ ਸ਼ਬਦ ਸੁਣਦਾ ਹਾਂ। ਉਸ ਦੇ ਗਾਇਨ ਵਿੱਚ ਬ੍ਰਿਜ ਪ੍ਰਭਾਵ ਸਾਫ ਝਲਕਦਾ ਹੈ, ਜੋ ਸੁਭਾਵਿਕ ਹੈ। ਉਸ ਦੀ ਗਾਇਨ ਸ਼ੈਲੀ ਸਥਾਨਕ ਪ੍ਰਭਾਵ ਵਾਲੀ ਵੱਖਰੀ ਅਤੇ ਨਵੇਕਲੀ ਹੈ। ਜਿਸ ਤੋਂ ਇਸ ਇਲਾਕੇ ਦੇ ਸਿੱਖਾਂ ਦੀ ਗੁਰਬਾਣੀ ਉਚਾਰਣ ਦੀ ਤਕਨੀਕ ਅਤੇ ਸ਼ਬਦਾਵਲੀ ਦੀ ਪਕੜ ਦਾ ਬਹੁਤ ਹੀ ਗਹਿਰਾ ਅਧਿਐਨ ਸਾਹਮਣੇ ਆਉਂਦਾ ਹੈ।
ਸ਼ਾਮ ਪੈ ਚੁਕੀ ਹੈ । ਉਹ ਮੈਨੂੰ ਅਗਲੇ ਦਿਨ ਆਉਣ ਨੂੰ ਕਹਿੰਦੇ ਹਨ। ਮੈਂ ਸ. ਸਤਿਨਾਮ ਸਿੰਘ ਨਾਲ ਸੁਵਖਤੇ ਹੀ ਉਨ੍ਹਾਂ ਪਾਸ ਸਿੱਧਾ ਪਹੁੰਚ ਜਾਂਦਾ ਹਾਂ। ਸ. ਸਤਿਨਾਮ ਸਿੰਘ ਗੁਰਦੁਆਰਾ ਚਰਨ ਪਾਦੁਕਾ ਨਿਜ਼ਾਮਾਬਾਦ ਦੀ ਸੇਵਾ ਸੰਭਾਲ ਬਾਬਾ ਪ੍ਰੀਤਮ ਸਿੰਘ ਜੀ ਗੁਰਦੁਆਰਾ ਗੁਰੂ ਕਾ ਤਾਲ ਆਗਰਾ ਵਾਲਿਆਂ ਵਲੋਂ ਕਰਦੇ ਹਨ। ਜਿੰਨ੍ਹਾਂ ਦੀ ਰੁਚੀ ਅਤੇ ਸਹਿਯੋਗ ਸਦਕਾ ਸਾਨੂੰ ਇੱਥੇ ਕੈਂਪ ਆਫਿਸ ਮਿਲਿਆ ਹੈ। ਅੱਜ ਸਾਨੂੰ ਇੰਤਜ਼ਾਰ ਨਹੀਂ ਕਰਨਾ ਪੈਂਦਾ……
ਜਦੋਂ ਨੰਦੂ ਜੀ ਨੇ ਆਪਣੈ ਬੇਟੇ ਨੂੰ ਚਾਬੀਆਂ ਦਿੱਤੀਆਂ ਤਾਂ ਬ੍ਰਿਘੁਨਾਥ ਜੀ ਆਪਣੇ ਬੇਟੇ ਨੂੰ ਨਾਲ ਲੈ ਕੇ ਸਾਨੂੰ ਇਕ ਸਥਾਨ ਤੇ ਲੈ ਕੇ ਗਏ। ਜੋ ਖੰਡਰਾਤ ਦੀ ਸ਼ਕਲ ਅਖਤਿਆਰ ਕਰ ਚੁਕਾ ਸੀ। ਬਾਹਰਲੀ ਦਹਿਲੀਜ਼ ਤੇ ਤਾਲਾ ਲੱਗਾ ਸੀ ਤੇ ਟੁੱਟਾ ਭੱਜਾ ਦਰਵਾਜਾ ਬੰਦ ਸੀ। ਮੈਂ ਮਹਿਸੂਸ ਕੀਤਾ ਕਿ ਇਹ "ਬੰਦ" ਅਤੇ "ਖੁੱਲ੍ਹਾ" ਬਰਾਬਰ ਹੀ ਹੈ। ਤਾਲੇ ਦੀ ਕੋਈ ਵੀ ਜਰੂਰਤ ਇਸ ਨੂੰ ਨਹੀਂ ਹੈ। ਪਰ ਮੈਂ ਕੁਝ ਵੀ ਬੋਲਿਆ ਨਾ।
ਸ੍ਰੀ ਬ੍ਰਿਘੁਨਾਥ ਜੀ ਨੇ ਬੜੇ ਸਤਿਕਾਰ ਨਾਲ ਦਹਿਲੀਜ਼ ਤੇ ਮੱਥਾ ਟੇਕਿਆ। ਟੁੱਟੀ ਭੱਜੀ ਸਰਦਲ ਦੀ ਧੂੜ ਉਨ੍ਹਾਂ ਆਪਣੇ ਮਸਤਕ ਤੇ ਲਾਈ। ਹੱਥ ਜੋੜੇ। ਫਿਰ ਉਨ੍ਹਾਂ ਆਪਣੀ ਜੇਬ ਵਿੱਚੋਂ ਚਾਬੀ ਕੱਢੀ ਤੇ ਤਾਲਾ ਖੋਲਿਆ। ਦਰਵਾਜਾ ਖੋਲਿਆ, ਦਰਵਾਜੇ ਦੇ ਸੱਜੇ ਪਾਸੇ ਇਕ ਨਲਕਾ ਲੱਗਾ ਹੈ। ਜਿੱਥੋਂ ਉਨ੍ਹਾਂ ਹੱਥ ਧੋਤੇ ਤੇ ਸਾਹਮਣੇ ਕਮਰੇ ਨੂੰ ਲੱਗਾ ਦੂਜਾ ਤਾਲਾ ਖੋਲਿਆ।
"ਅੰਦਰ ਆਈਏ" ਬ੍ਰਿਘੁਨਾਥ ਜੀ ਨੇ ਮੈਨੂੰ ਆਵਾਜ਼ ਮਾਰੀ।
ਇਸ ਖੰਡਰਾਤ ਬਣ ਚੁਕੀ ਬਿਲਡਿੰਗ ਨੂੰ ਮੈਂ ਬਾਹਰ ਤੋਂ ਵੇਖ ਰਿਹਾ ਸੀ। ਜਿਸ ਦੇ ਸੱਜੇ ਪਾਸੇ ਢੱਠੀਆਂ ਇੱਟਾਂ ਦਾ ਢੇਰ ਲਾਇਆ ਗਿਆ ਸੀ। ਡਿਓੜ੍ਹੀ ਦੇ ਨਾਲ ਹੀ ਖੱਬੇ ਪਾਸੇ ਕਦੇ ਇਕ ਕਮਰਾ ਰਿਹਾ ਹੋਵੇਗਾ, ਜੋ ਹੁਣ ਨਹੀਂ ਸੀ। ਉਸ ਦੀਆਂ ਅੱਧੀਆਂ ਟੁੱਟੀਆਂ ਕੰਧਾਂ ਮੈਨੂੰ ਕਮਰੇ ਦਾ ਅਹਿਸਾਸ ਕਰਵਾ ਰਹੀਆਂ ਸਨ। ਉਸ ਦੀ ਇਕ ਕੰਧ ਵਿੱਚ ਇਕ ਆਲਾ ਵੀ ਹੈ। ਜਿੱਥੇ ਇਸ ਬਿਲਡਿੰਗ ਦੀ ਸੇਵਾ ਸੰਭਾਲ ਕਰਨ ਵਾਲਾ ਕੋਈ ਸੇਵਾਦਾਰ ਕਦੇ ਰੋਜ਼ ਦੀਵਾ ਬਾਲਦਾ ਹੋਵੇਗਾ……
ਮੈਂ ਇਹ ਸੋਚਦਾ ਸੋਚਦਾ ਸ੍ਰੀ ਬ੍ਰਿਘੁਨਾਥ ਜੀ ਮਗਰ ਕਮਰੇ ਵਿੱਚ ਚਲਾ ਗਿਆ।
ਆਹ ਕੀ…
ਮੈਨੂੰ ਬਹੁਤ ਜਬਰਦਸਤ ਝਟਕਾ ਵੱਜਾ। ਹਰ ਪਾਸੇ ਜਾਲੇ ਹੀ ਜਾਲੇ। ਇਤਨੇ ਜਾਲੇ ਕੀ ਕਮਰੇ ਵਿੱਚ ਵੜਦੇ ਸਾਰ ਹੀ ਦਸਤਾਰ, ਕਪੜਿਆਂ ਨਾਲ ਜਾਲੇ ਆਪਣੇ ਆਪ ਚਿਪਕ ਗਏ। ਕਪੜਿਆਂ ਉਪਰ ਜਾਲਿਆਂ ਨਾਲ ਬਣੇ ਉਨ੍ਹਾਂ ਦੇ ਡਿਜ਼ਾਈਨ ਦੀ ਛਾਪ ਛਪ ਗਈ…ਜੋ ਝਾੜਿਆ ਵੀ ਨਹੀਂ ਉਤਰੀ।
ਮੈਂ ਸੱਜੇ ਪਾਸੇ ਵੇਖਦਾ ਹਾਂ । ਪਾਲਕੀ ਸਾਹਿਬ ਸੁਸ਼ੋਭਿਤ ਹਨ ਪਰ ਉਹ ਵੀ ਜਾਲਿਆਂ ਅਤੇ ਮਿੱਟੀ ਘੱਟੇ ਨਾਲ ਭਰੇ ਪਏ ਹਨ। ਪੂਰੇ ਕਮਰੇ ਵਿੱਚ ਹੀ ਮਿੱਟੀ ਇੰਝ ਜੰਮੀ ਹੈ ਕਿ ਜਿੱਥੇ ਪੈਰ ਰੱਖਦੇ ਹਾਂ ਉੱਥੇ ਹੀ ਪੈਰਾਂ ਦੀ ਛਾਪ ਬਣ ਜਾਂਦੀ ਹੈ।
ਮੈਂ ਬ੍ਰਿਘੁਨਾਥ ਜੀ ਨੂੰ ਪੁੱਛਦਾ ਹਾਂ ਕਿ ਗ੍ਰੰਥ ਕਿੱਥੇ ਹਨ ?
ਉਹ ਸਾਹਮਣੀ ਕੰਧ ਵੱਲ ਇਸ਼ਾਰਾ ਕਰਕੇ ਦੱਸਦੇ ਹਨ ਕਿ ਉਸ ਅਲਮਾਰੀ ਵਿੱਚ ਹਨ।
ਠੀਕ ਪਾਲਕੀ ਸਾਹਿਬ ਦੇ ਸੱਜੇ ਪਾਸੇ ਸਾਹਮਣੇ ਕੰਧ ਅੰਦਰ ਬਣੀ ਇਕ ਬੰਦ ਅਲਮਾਰੀ ਹੈ। ਜਿਸ ਤੇ ਲੱਕੜ ਦਾ ਦਰਵਾਜਾ ਲੱਗਾ ਹੈ। ਉਸ ਤੇ ਵੀ ਇਕ ਨਿੱਕੀ ਜਿਹੀ ਜੰਦਰੀ ਲੱਗੀ ਹੈ। ਹਰ ਪਾਸੇ ਮਿੱਟੀ ਜਾਲੇ ਹੀ ਜਾਲੇ ਹਨ। ਸ੍ਰੀ ਬ੍ਰਿਘੁਨਾਥ ਜੀ ਜੰਦਰੀ ਖੋਲ ਦਿੰਦੇ ਹਨ। ਤੇ ਕਹਿੰਦੇ ਹਨ ਕਿ ਤੁਸੀ ਗ੍ਰੰਥ ਵੇਖ ਸਕਦੇ ਹੋ।
ਮੈਂ ਉਨ੍ਹਾਂ ਨੂੰ ਆਖਦਾ ਹਾਂ ਕਿ ਅਸੀਂ ਸਾਫ ਸਫਾਈ ਕਰ ਲਈਏ ਉਸ ਤੋਂ ਬਾਅਦ ਦਰਸ਼ਨ ਕਰਦੇ ਹਾਂ। ਉਹ ਮੰਨ ਜਾਂਦੇ ਹਨ।
ਮੈਂ ਅਤੇ ਸ. ਸਤਿਨਾਮ ਸਿੰਘ ਸਫਾਈ ਅਭਿਆਨ ਸ਼ੁਰੂ ਕਰਦੇ ਹਾਂ। ਬਜ਼ਾਰੋਂ ਝਾੜੂ ਖਰੀਦ ਕੇ ਲਿਆਂਦੇ ਹਾਂ। ਕੋਈ ਝਾੜ ਪੂੰਝ ਕਰਨ ਵਾਲਾ ਕਪੜਾ ਵੀ ਨਹੀਂ ਹੈ। ਇਸ ਲਈ ਮੈਂ ਸਥਾਨਕ ਨਿਵਾਸੀ ਸ. ਹਰਜੀਤ ਸਿੰਘ ਨੂੰ ਫੋਨ ਕਰਦਾ ਹਾਂ ਤੇ ਉਨ੍ਹਾਂ ਨੂੰ ਇਸੇ ਸਥਾਨ ਤੇ ਬੁਲਾ ਲੈਂਦਾ ਹਾਂ। ਸਾਡੇ ਪਾਸ ਸਮਾਂ ਬੜਾ ਘਟ ਹੈ। ਮੈਂ ਚੈੱਕ ਕਰਦਾ ਹਾ ਕਿ ਕਮਰੇ ਵਿੱਚ ਕੋਈ ਲਾਈਟ ਦਾ ਵੀ ਪ੍ਰਬੰਧ ਨਹੀਂ ਹੈ। ਲਾਈਟ ਦੀ ਪੂਰਾਨੀ ਫਿਟਿੰਗ ਉੱਖੜੀ ਹੋਈ ਹੈ। ਬਿਜਲੀ ਦਾ ਕਨੈਕਸ਼ਨ ਕਦੋਂ ਚਲਦਾ ਸੀ ਇਹ ਆਂਢ ਗੁਆਂਢ ਨੂੰ ਨਹੀਂ ਪਤਾ। ਸ਼ਹਿਰ ਵਿੱਚ ਉਂਝ ਵੀ ਬਿਜਲੀ ਕੱਟ ਲੱਗਾ ਰਹਿੰਦਾ ਹੈ ਅਤੇ ਦਿਨ ਅਤੇ ਰਾਤ ਦੀ ਪਾਰੀ ਬਿਜਲੀ ਦੀ ਚਲਦੀ ਹੈ। ਇਸ ਹਫਤੇ ਰਾਤ ਦੀ ਵਾਰੀ ਚਲ ਰਹੀ ਹੈ। ਸਾਹਮਣੇ ਲਗਭਗ ੧੦੦ ਕੁ ਫੁਟ ਦੀ ਦੂਰੀ ਤੇ ਇਕ ਫੋਟੋਸਟੈਟ ਵਾਲਾ ਹੈ। ਉਸ ਪਾਸ ਆਪਣਾ ਛੋਟਾ ਹਾਂਡਾ ਜੈਨਰੇਟਰ ਹੈ। ਮੈਂ ਉਸ ਨਾਲ ਗੱਲ ਕਰਦਾ ਹਾਂ। ਉਸ ਨੂੰ ਰਾਜ਼ੀ ਕੀਤਾ ਜਾਂਦਾ ਹੈ ਕਿ ਉਹ ਸਾਡਾ ਕੰਮ ਚੱਲਣ ਤੱਕ ਜੈਨਰੇਟਰ ਚਲਾ ਦੇਵੇ। ਉਹ ਇਸ ਦੇ ਦਿਹਾੜੀ ਦੇ ਹਿਸਾਬ ਨਾਲ ਜੋ ਜੈਨਰੇਟਰ ਦਾ ਕਿਰਾਇਆ ਬਣਦਾ ਹੈ ਅਤੇ ਤੇਲ ਜੋ ਫੁਕੇਗਾ ਉਹ ਖ਼ਰਚਾ ਵੀ ਸਾਨੂੰ ਵੱਖਰਾ ਦੇਣਾ ਹੋਵੇਗਾ ਦੀਆਂ ਸ਼ਰਤਾਂ ਤੇ ਸਾਨੂੰ ਜੈਨਰੇਟਰ ਦੀਆਂ ਸਹੂਲਤਾਂ ਦੇਣ ਲਈ ਰਾਜ਼ੀ ਹੋ ਜਾਂਦਾ ਹੈ।
੫੦ ਡਿਗਰੀ ਸੈਲਸਿਅਸ ਤਾਪਮਾਨ ਚਲ ਰਿਹਾ ਹੈ। ਅਸੀਂ ਆਪਣੇ ਕਪੜੇ ਉਤਾਰ ਚੁਕੇ ਹਾਂ ਤੇ ਕਛਹਿਰੇ ਬਨੈਣਾਂ ਵਿੱਚ ਸਫਾਈ ਕਰ ਰਹੇ ਹਾਂ।
ਸ. ਹਰਜੀਤ ਸਿੰਘ ਬਹੁਤ ਮਹਿਨਤ ਕਰਦੇ ਹਨ। ਉਹ ਭੱਜ ਨੱਸ ਕਰਕੇ ਇਕ ਪੱਖਾ, ਡੇੜ੍ਹ ਸੌ ਫੁਟ ਤਾਰ ਦਾ ਬੰਡਲ, ਹੋਲਡਰ, ਬਲਬ ਆਦਿ ਦਾ ਝਟਪਟ ਬੰਦੋਬਸਤ ਕਰ ਦਿੰਦੇ ਹਨ। ਤਾਰਾਂ ਦੇ ਕਨੈਕਸ਼ਨ ਕਰਨ, ਸਵਿੱਚ ਹੋਲਡਰ ਲਾਉਣ ਲਈ ਤੁਰੰਤ ਕੋਈ ਬਿਜਲੀ ਦਾ ਮਕੈਨਿਕ ਨਹੀਂ ਮਿਲਦਾ। ਕਿਸੇ ਹੋਰ ਨੂੰ ਬਿਜਲੀ ਦੇ ਇਸ ਕੰਮ ਦੀ ਕੋਈ ਜਾਣਕਾਰੀ ਨਹੀਂ, ਇਸ ਲਈ ਇਹ ਕੰਮ ਵੀ ਮੈਨੂੰ ਹੀ ਕਰਨਾ ਪੈਂਦਾ ਹੈ। ਮੈਂ ਸਭ ਵਿੱਚ ਕੰਮ ਵੰਡ ਦਿੰਦਾ ਹਾ ਤੇ ਅਸੀਂ ਇਕ ਘੰਟੇ ਦੇ ਅੰਦਰ ਹੀ ਆਪਣਾ ਉਹ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਾਂ ਜਿਸ ਲਈ ਕਿ ਮੈਂ ਫੂਲਪੁਰ ਆਇਆ ਹਾਂ।
ਮੈਂ ਅਤੇ ਸਤਿਨਾਮ ਸਿੰਘ ਪੰਜ ਇਸ਼ਨਾਨਾਂ ਕਰਦੇ ਹਾਂ ਤੇ ਉਪਰੰਤ ਪਾਲਕੀ ਸਾਹਿਬ ਦੀ ਸਫਾਈ ਵਿੱਚ ਲੱਗ ਜਾਂਦੇ ਹਾਂ। ਅਸੀਂ ਜਦੋਂ ਪਾਲਕੀ ਸਾਹਿਬ ਦਾ ਗਦੇਲਾ ਝਾੜਨ ਲਈ ਚੁੱਕਦੇ ਹਾਂ ਤਾਂ ਵਿੱਚੋਂ ਅਤੇ ਹੇਠੋਂ ਚੂਹਿਆਂ ਦੀਆਂ ਬਿੱਠਾਂ ਨਿਕਲਦੀਆਂ ਹਨ। ਸਲ੍ਹਾਬ ਵਾਲੇ ਚਮਕੀਲੇ ਕੀਟ ਕੁਰਬਲ ਕੁਰਬਲ ਕਰ ਰਹੇ ਹਨ। ਸਿਰ੍ਹਾਨੇ ਟਿੱਡੀਆਂ ਨਾਲ ਭਰੇ ਪਏ ਹਨ। ਮਨ ਬਹੁਤ ਉਦਾਸ, ਪਰੇਸ਼ਾਨ ਅਤੇ ਗਿਲਾਨੀ ਨਾਲ ਭਰ ਉੱਠਦਾ ਹੈ। ਮੈਂ ਸ. ਸਤਨਾਮ ਸਿੰਘ ਨੂੰ ਕਹਿੰਦਾ ਹਾਂ ਕਿ ਗੁਰਦੁਆਰਾ ਤਾਂ ਪੰਥ ਦਾ ਸਾਂਝਾ ਹੁੰਦਾ ਹੈ। ਇਸ ਪਰਿਵਾਰ ਨੇ ਇਹ ਤਾਂ ਨਿਰਮਲਿਆਂ ਦਾ ਡੇਰਾ ਵੀ ਨਹੀਂ ਬਣਨ ਦਿੱਤਾ। ਘੱਟੋ ਘਟ ਸਿੱਖ ਪਰਿਵਾਰਾਂ ਨੂੰ ਇਸ ਪਾਸੇ ਤਾਂ ਧਿਆਨ ਦੇਣਾ ਹੀ ਚਾਹੀਦਾ ਸੀ। ਉਸ ਪਾਸ ਵੀ ਕੋਈ ਜਵਾਬ ਨਹੀਂ ਹੈ। ਉਹ ਆਪਣੇ ਸਪਸ਼ਟੀਕਰਨ ਦੇਣੇ ਸ਼ੁਰੂ ਕਰ ਦਿੰਦਾ ਹੈ। ਅਸੀਂ ਇਸ ਸਥਾਨ ਤੇ ਇਤਨੇ ਮਜਬੂਰ, ਲਾਚਾਰ ਜਿਹੇ ਬਣੇ ਪਏ ਹਾਂ ਕਿ ਇਹ ਸਭ ਕੁਝ ਇੰਝ ਹੀ ਛੱਡ ਕੇ ਜਾਣਾ ਮੇਰੇ ਲਈ ਨਾ ਮੁਮਕਿਨ ਬਣ ਚੁਕਾ ਹੈ। ਸ. ਹਰਜੀਤ ਸਿੰਘ ਜੀ ਦੀ ਕਪੜੇ ਦੀ ਦੁਕਾਨ ਹੈ। ਉਨ੍ਹਾਂ ਨੂੰ ਮੈਂ ਦੁਕਾਨ ਤੋਂ ਦੁਬਾਰਾ ਬੁਲਾਉਂਦਾ ਹਾਂ ਤੇ ਰੁਮਾਲਿਆਂ ਦੇ ਪ੍ਰਬੰਧ ਬਾਰੇ ਪੁੱਛਦਾ ਹਾਂ। ਉਨ੍ਹਾਂ ਪਾਸ ਰੁਮਾਲੇ ਨਹੀਂ ਹਨ। ਮੈਂ ਨਵੇਂ ਕਪੜੇ ਰੁਮਾਲਿਆਂ ਦੇ ਸਾਈਜ਼ ਦੇ ਕਟਵਾ ਕੇ ਅਤੇ ਬਿਨਾ ਸਿਲਵਾਏ ਹੀ ਮੰਗਵਾਉਂਦਾ ਹਾਂ ਜੋ ਵਿਛਾਏ ਜਾਂਦੇ ਹਨ।
ਬੜੇ ਹੀ ਨਾਸਾਜ਼ ਅਤੇ ਮਨਮਤੀ ਹਾਲਾਤਾਂ ਵਿੱਚ ਅਲਮਾਰੀ ਵਿੱਚ ਪਏ ਆਕਾਰ ਵਿੱਚ ਬਹੁਤ ਵੱਡੇ ਤਿੰਨ ਗ੍ਰੰਥ ਜੋ ਰੁਮਾਲਿਆਂ ਵਿੱਚ ਸੰਭਾਲੇ ਪਏ ਹਨ, ਬਾਰੇ ਮੇਰਾ ਅੰਦਾਜਾ ਇਹ ਸੀ ਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੀ ਸਰੂਪ ਹੋਣੇ ਚਾਹੀਦੇ ਹਨ। ਇਸੇ ਅੰਦਾਜ਼ੇ ਮੁਤਾਬਕ ਹੀ ਅਸੀਂ ਸਾਰੇ ਪ੍ਰਬੰਧ ਕਰ ਰਹੇ ਸਾਂ। ਸਾਡੇ ਪਾਸ ਚੰਦੋਆ ਸਾਹਿਬ ਨਹੀਂ ਸੀ। ਇਸ ਲਈ ਅਸੀਂ ਪਾਲਕੀ ਸਾਹਿਬ ਦੇ ਅੰਦਰ ਹੀ ਇਕ ਆਰਜ਼ੀ ਚੰਦੋਆ ਸਾਹਿਬ ਦਾ ਪ੍ਰਬੰਧ ਕਰ ਲਿਆ ਸੀ।
ਅਸੀਂ ਕਾਰਜ ਆਰੰਭ ਕਰਨ ਦੀ ਅਰਦਾਸ ਕਰਕੇ ਪਹਿਲੇ ਗ੍ਰੰਥ ਨੂੰ ਪਾਲਕੀ ਸਾਹਿਬ ਤੇ ਰੱਖ ਕੇ ਖੋਲਿਆ ਤਾਂ ਸਾਡੀ ਖੁਸ਼ੀ ਦਾ ਠਿਕਾਣਾ ਨਾ ਰਿਹਾ। ਇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਸਰੂਪ ਸੀ। ਜੋ ਸਲ੍ਹਾਬਿਆਂ ਅਤੇ ਸਿਓਂਕ ਲੱਗਾ ਸੀ। ਅੰਕਾਂ ਅੰਦਰ ਮਿੱਟੀ ਅਤੇ ਕਈ ਥਾਂਈ ਸਪਸ਼ਟ ਜਾਲਾ ਸਾਨੂੰ ਦਿੱਖ ਰਿਹਾ ਸੀ। ਇਹ ਸਰੂਪ ਬਹੁਤ ਪੁਰਾਨਾ ਹੈ ਜਿਸ ਉੱਤੇ ਉਤਾਰੇ ਦੀ ਤਰੀਕ ਦਾ ਕੋਈ ਵਿਵਰਣ ਨਹੀਂ ਹੈ।
ਪਰ ਦੂਜੇ ਸਰੂਪ ਉਪਰ ਸਰੂਪ ਦੇ ਉਤਾਰੇ ਦੀ ਸੰਮਤ ੧੭੮੧ ਦਰਜ ਹੈ।
ਤੀਜੇ ਗ੍ਰੰਥ, ਬਚਿੱਤਰ ਨਾਟਕ ਗ੍ਰੰਥ ਤੇ ਵੀ ਉਤਾਰੇ ਦੀ ਕੋਈ ਤਰੀਕ ਦਰਜ ਨਹੀਂ ਹੈ।
ਮੈਂ ਇਨ੍ਹਾਂ ਸਰੂਪਾਂ ਦੀ ਸੇਵਾ ਅਤੇ ਸੰਭਾਲ ਦਾ, ਸਫਾਈ ਅਤੇ ਸਲ੍ਹਾਬ, ਸਿਓਂਕ ਤੋਂ ਬਚਾਉਣ ਦਾ ਪ੍ਰਬੰਧ ਕਰਨ ਦਾ ਫੈਸਲਾ ਕਰ ਲਿਆ। ਅਸੀਂ ਫੋਟੋਗ੍ਰਾਫੀ ਦੇ ਨਾਲੋ ਨਾਲ ਇਹ ਸਾਰੇ ਕੰਮ ਸਰਅੰਜਾਮ ਦੇਣ ਦਾ ਫੈਸਲਾ ਕੀਤਾ ਦੇ ਮਖਮਲੀ ਕਪੜੇ ਤੇ ਨਿੰਮ ਦੀ ਸਪ੍ਰੇ ਨਾਲ ਇਕ ਇਕ ਪੱਤਰੇ ਦੀ ਸਫ਼ਾਈ ਅਰੰਭੀ । ਜਿੱਥੇ ਸਿਓਂਕ ਦਾ ਹਮਲਾ ਸੀ ਉੱਥੇ ਅਸੀਂ ਉਚਿਤ ਦਵਾਈ ਨਾਲ ਸਫਾਈ ਕੀਤੀ। ਜਿਸ ਲਈ ਪੱਖੇ ਨੂੰ ਬੰਦ ਕਰ ਦਿੱਤਾ ਗਿਆ। ਉਪਰੰਤ ਲਾਈਟਾਂ ਦਾ ਪ੍ਰਬੰਧ ਕਰਕੇ ਅਸੀਂ ਇਕ ਇਕ ਪੱਤਰੇ ਦੀ ਸਫਾਈ ਦੇ ਨਾਲੋਂ ਨਾਲ ਡਿਜ਼ਿਟਲ ਫੋਟੋਗ੍ਰਾਫੀ ਅਤੇ ਪਰਜਰਵੇਸ਼ਨ ਅਰੰਭ ਕੀਤੀ। ਸਾਡੀ ਮਹਿਨਤ ਨੂੰ ਵੇਖਣ ਲਈ ਕਈ ਸੱਜਣ ਆਏ । ਸ੍ਰੀ ਬ੍ਰਿਘੁਨਾਥ ਵੀ ਬਹੁਤ ਪ੍ਰਭਾਵਤ ਹੋਇਆ ਅਤੇ ਉਸ ਨੇ ਸਾਨੂੰ ਕੰਮ ਨਾ ਮੁੱਕਣ ਤਕ ਕੰਮ ਕਰਦੇ ਰਹਿਣ ਦੀ ਸਹੂਲਤ ਦੇ ਦਿੱਤੀ।
ਇਹ ਅਸਥਾਨ ਆਪਣੀ ਇਤਿਹਾਸਕ ਮਹੱਤਤਾ ਇਸ ਲਈ ਬਣਾ ਗਿਆ ਹੈ ਕਿ ਇਸ ਸਥਾਨ ਤੇ ਲਗਭਗ ੨੫੦ ਤੋਂ ੩੦੦ ਸਾਲ ਵਿਚਕਾਰਲੀਆ ਗੁਰੂ ਗ੍ਰੰਥ ਸਾਹਿਬ ਜੀ ਦੇ ੨ ਹੱਥ ਲਿਖਤ ਸਰੂਪ ਵਿਦਮਾਨ ਹਨ । ਜੋ ਉਤਾਰੇ ਦਾ ਉਤਾਰੇ ਦਾ ……ਅੱਗੋਂ ਉਤਾਰਾ ਹੈ। ਇਸੇ ਦੇ ਨਾਲ ਹੀ ਨਾਲ ਇਸ ਸਥਾਨ ਤੇ ਲਗਭਗ ੧੫੦ ਸਾਲ ਪੁਰਾਨਾ ਇਕ ਬਚਿਤ੍ਰ ਨਾਟਕ ਗ੍ਰੰਥ ਦੀ ਵੀ ਪੋਥੀ ਵਿਦਮਾਨ ਹੈ ਜੋ ਕਿ ਕਿਸੇ "ਦਸਤਖ਼ਤ ਖ਼ਾਸ" ਦੇ ਉਤਾਰੇ ਦੀ ਕਾਪੀ ਹੈ । ਇਨ੍ਹਾਂ ਸਾਰਿਆਂ ਦੀ ਮੈਂ ਡਿਜ਼ਿਟਲ ਪਰਜਰਵੇਸ਼ਨ ਕਰ ਲਈ ਹੈ।
ਇਨ੍ਹਾਂ ਸਰੂਪਾ ਦੀ ਸੰਭਾਲ ਲਈ ਦਾਸ ਨੇ ਇਕ ਸਟੀਲ ਦੀ ਅਲਮਾਰੀ ਤੁਰੰਤ ਲੈ ਕੇ ਦਿੱਤੀ ਅਤੇ ਸ. ਹਰਜੀਤ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਸਰੂਪਾ ਲਈ ਰੁਮਾਲਿਆਂ ਦਾ ਪ੍ਰਬੰਧ ਕਰਨ। ਨਾਲ ਹੀ ਇਨ੍ਹਾਂ ਨੂੰ ਸਮੇਂ ਸਮੇਂ ਸਰੂਪਾ ਨੂੰ ਹਵਾਦਾਰੀ ਅਤੇ ਸਫਾਈ ਲਈ ਵੀ ਤਰੀਕਾਕਾਰ ਸਮਝਾਇਆ।
ਸ. ਹਰਜੀਤ ਸਿੰਘ ਸਿੰਘ ਹੁਣ ਇਸ ਸਥਾਨ ਤੇ ਐਤਵਾਰ ਨੂੰ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਨ ਤੇ ਉਪਰੰਤ ਭੁੱਜਿਆ ਬਦਾਨੇ ਦਾ ਲੰਗਰ ਲਾਉਂਦੇ ਹਨ। ਇਲਾਕੇ ਦੇ ਬਹੁਤ ਸਾਰੇ ਬੱਚੇ ਉਨ੍ਹਾਂ ਨਾਲ ਸ਼ਾਮਲ ਹੁੰਦੇ ਹਨ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਸ੍ਰੀ ਬ੍ਰਿਘੁਨਾਥ ਜੀ ਦਾ ਇਕ ਬੇਟਾ ਵੀ ਹੁਣ ਹਫਤਾਵਾਰੀ ਲੱਗਦੇ ਇਸ ਦੀਵਾਨ ਵਿੱਚ ਸ਼ਮੂਲੀਅਤ ਕਰਦਾ ਹੈ ਅਤੇ ਪੁਰਾ ਸਹਿਯੋਗ ਦਿੰਦਾ ਹੈ। ਹਾਲੇ ਇਸ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਤੇ ਪਾਠ ਕਰਨ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਸਕਿਆ ਹੈ। ਜੋ ਸਿੱਖ ਪਰਿਵਾਰ ਹਨ ਉਨ੍ਹਾਂ ਨੂੰ ਖੁਦ ਨੂੰ ਵੀ ਗੁਰਮੁਖੀ ਨਹੀਂ ਆਉਂਦੀ ।
ਹੁਣ ਇਹ ਸਥਾਪਿਤ ਹੋ ਚੁਕਾ ਹੈ ਕਿ ਸ੍ਰੀ ਅਨੰਦ ਪ੍ਰਕਾਸ਼ ਨੰਦੂ ਜੀ ਦੇ ਹਲਵਾਈ ਬਿਰਾਦਰੀ ਦੇ ਇਸ ਖ਼ਾਨਦਾਨ ਪਾਸ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੁਰਾਤਨ ਹੱਥ ਲਿਖਤ ਦੋ ਬੀੜਾਂ ਹਨ ਅਤੇ ਇਕ ਗ੍ਰੰਥ ਬਚਿਤ੍ਰ ਨਾਟਕ ਅਤੇ ਹੋਰ ਲਿਖਤਾਂ ਦਾ ਹੈ ਜਿਸ ਨੂੰ ਪੰਥ ਵਿੱਚ 'ਦਸਮ ਗ੍ਰੰਥ' ਕਹਿੰਦੇ ਹਨ। ਜਿਨ੍ਹਾਂ ਦਾ ਪਾਠ ਸ੍ਰੀ ਅਨੰਦ ਪ੍ਰਕਾਸ਼ ਨੰਦੂ ਜੀ ਆਪਣੀ ਜਵਾਨੀ ਵੇਲੇ ਆਪਣੇ ਪਿਤਾ ਸ੍ਰੀ ਮਾਤਾ ਭਜਨ ਅਤੇ ਇਨ੍ਹਾਂ ਦੇ ਭਾਈ ਸ੍ਰੀ ਸਿੰਮਲ ਰਾਮ ਜੀ ਨਾਲ ਕਰਦੇ ਸਨ। ਇਨ੍ਹਾਂ ਦਾ ਪੁਰਾਤਨ ਘਰ "ਗੁਰੂ ਨਾਨਕ ਪਾਤਸ਼ਾਹ ਜੀ ਦੀ ਭਾਈ ਲਾਲੋ ਦੇ ਘਰ ਵਰੋਸਾਈ ਪਰੰਪਰਾ ਵਿਚਲੀ ਧਰਮਸ਼ਾਲਾ" ਦਾ ਸਥਾਨ ਰੱਖਦਾ ਸੀ। ਇਲਾਕੇ ਵਿੱਚ ਇਹ ਗੁਰੂ ਨਾਨਕ ਸਾਹਿਬ ਦੇ ਸਿੱਖ ਅਤੇ "ਸੰਗਤ ਗੁਰੂ ਨਾਨਕ ਕੀ" ਕਹੇ ਜਾਂਦੇ ਸਨ। ਠੀਕ ਉਸੇ ਤਰ੍ਹਾਂ ਜਿਵੇਂ ਅੱਜ ਵੀ ਪੰਜਾਬ ਦੇ ਪਿੰਡਾਂ ਵਿੱਚ ਆਮ ਕਰਕੇ "ਸਿੱਖਾਂ ਦਾ ਲਾਣਾ" ਕਹਿ ਕੇ ਪਰਿਵਾਰਾਂ ਦੀ ਅੱਲ ਚਲੀ ਆ ਰਹੀ ਹੈ।
………
ਜਿਵੇਂ ਮੈਂ ਆਰੰਭ ਵਿੱਚ ਜਿਕਰ ਕੀਤਾ ਹੈ………
ਅਚਾਨਕ ਹੀ ਮੈਨੂੰ ਮਾਰਚ ੨੦੧੨ ਨੂੰ ਸ੍ਰੀ ਬ੍ਰਿਘੁਨਾਥ ਜੀ ਦਾ ਫੋਨ ਆਉਂਦਾ ਹੈ । ਉਹ ਦੱਸਦੇ ਹਨ ਕਿ ਉਹ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਦੀਵਾਰ ਗਿਰ ਗਈ ਹੈ ਤੇ ਜਦ ਉਹ ਸੇਵਾ ਕਰਵਾਉਣ ਲੱਗੇ ਤਾਂ ਬਾਕੀ ਹਲਵਾਈ ਬਿਰਾਦਰੀ ਨੇ ਇਨ੍ਹਾਂ ਨੂੰ ਰੋਕ ਦਿੱਤਾ। ਬ੍ਰਿਘੁਨਾਥ ਜੀ ਨੇ ਦਸਿਆ ਕਿ ਪੂਰੀ ਬਿਰਾਦਰੀ ਨੇ ਇਕੱਠੇ ਹੋ ਕੇ ਤਹਿਸੀਲਦਾਰ ਨੂੰ ਦਰਖ਼ਾਸਤ ਦਿੱਤੀ ਹੈ ਕਿ ਇਹ ਸਥਾਨ ਹਲਵਾਈ ਬਿਰਾਦਰੀ ਦਾ ਮੰਦਿਰ ਹੈ ਅਤੇ ਉਨ੍ਹਾਂ ਅੱਡ ਤੋਂ ਸਥਾਨਕ ਠਾਣੇ ਵਿੱਚ ਲਿਖਤ ਵਿੱਚ ਕਿਹਾ ਹੈ ਕਿ ਇਸ ਸਥਾਨ ਤੋਂ ਸਿੱਖ ਗ੍ਰੰਥਾਂ ਨੂੰ ਚੁਕਵਾਇਆ ਜਾਵੇ। ਇਹ ਵੀ ਕਿਹਾ ਗਿਆ ਹੈ ਕਿ ਇਹ ਸਥਾਨ ਸਿੱਖਾਂ ਦਾ ਨਹੀਂ ਹੈ।
ਉਨ੍ਹਾਂ ਮੈਨੂੰ ਕਿਹਾ ਕਿ "ਉਹ ਇਕੱਲੇ ਪੈ ਗਏ ਹਨ। ਪਰ ਉਹ ਝੁਕਣ ਅਤੇ ਡੋਲਣਗੇ ਨਹੀਂ । ਸਵਾ ਲਾਖ ਸੇ ਏਕ ਲੜਾਉਂ ਉਨ੍ਹਾਂ ਨੂੰ ਯਾਦ ਹੈ। ਮੈਂ ਉਨ੍ਹਾਂ ਦਾ ਤੁਰੰਤ ਸਾਥ ਦੇਵਾਂ ਅਤੇ ਯਕਦਮ ਆਨ ਪਈ ਇਸ ਮੁਸੀਬਤ ਨੂੰ ਰੋਕਣ ਲਈ ਜੋ ਬਣ ਸਕਦਾ ਹੈ ਕਰਾਂ"।
ਮੈਂ ਉਨ੍ਹਾਂ ਤੋਂ ਥਾਣੇਦਾਰ ਅਤੇ ਹੋਰ ਅਧਿਕਾਰੀਆਂ ਦੇ ਫੋਨ ਨੰਬਰ ਲਏ ਅਤੇ ਜੋ ਬਣ ਸਕਦਾ ਸੀ ਤੁਰੰਤ ਕੀਤਾ। ਪੁਲਿਸ ਕਾਰਵਾਈ ਨੂੰ ਰੋਕਣ ਵਿੱਚ ਅਕਾਲ ਪੁਰਖ ਨੇ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ।
ਪਰ ਹਾਲਾਤ ਸੰਗੀਨ ਹਨ। ਸਥਾਨਕ ਵਿਧਾਇਕ ਬਾਕੀ ਬਿਰਾਦਰੀ ਦੀ ਮੰਨ ਕੇ ਉਨ੍ਹਾਂ ਦਾ ਸਾਥ ਦੇ ਰਿਹਾ ਹੈ। ਅਧਿਕਾਰੀ ਵੀ ਉਸ ਦੀ ਮੰਨਦੇ ਹਨ। ਮੈਂ ਸਮਾਜਵਾਦੀ ਪਾਰਟੀ ਦੇ ਸੁਪ੍ਰੀਮੋ ਨਾਲ ਵੀ ਗੱਲ ਕੀਤੀ ਹੈ। ਪਰ ਹਾਲਾਤ ਇਤਨੀ ਤੇਜੀ ਨਾਲ ਵਿਪਰੀਤ ਦਿਸ਼ਾ ਵੱਲ ਭੱਜਦੇ ਪਏ ਹਨ ਕਿ ਇਕ ਵਾਰ ਤਾਂ ਸਭ ਕੁਝ ਹੱਥੋਂ ਜਾਂਦਾ ਲੱਗਣ ਲੱਗ ਪਿਆ ।
ਇਸ ਇਲਾਕੇ ਵਿੱਚ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਕਾ ਤਾਲ ਆਗਰਾ ਵਾਲੇ ਬਾਬਾ ਪ੍ਰੀਤਮ ਸਿੰਘ ਜੀ ਬਹੁਤ ਪ੍ਰਭਾਵ ਰੱਖਦੇ ਹਨ। ਮੈਂ ੨੦ ਅਪ੍ਰੈਲ ਨੂੰ ਆਗਰਾ ਗੁਰਦੁਆਰਾ ਗੁਰੂ ਕਾ ਤਾਲ ਬਾਬਾ ਪ੍ਰੀਤਮ ਸਿੰਘ ਜੀ ਨੂੰ ਮਿਲਣ ਗਿਆ। ਉਨ੍ਹਾਂ ਨਾਲ ਸਾਰੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਇਸ ਸਥਾਨ ਦੀ ਸੇਵਾ ਸੰਭਾਲ ਅਤੇ ਕਾਰ ਸੇਵਾ ਲਈ ਸਹਿਮਤ ਕੀਤਾ ਹੈ। ਜਿਨ੍ਹਾਂ ਤੁਰੰਤ ਪ੍ਰਵਾਨਗੀ ਦਿੱਤੀ ਹੈ। ਇਹ ਇਨ੍ਹਾਂ ਦੀ ਮਹਾਨਤਾ ਹੈ। ਮੈਨੂੰ ਪੁਰੀ ਆਸ ਹੈ ਕਿ ਬਾਬਾ ਪ੍ਰੀਤਮ ਸਿੰਘ ਜੀ, ਇਲਾਕੇ ਦੀ ਸੰਗਤ ਨਾਲ ਮਿਲ ਕੇ ਇਸ ਸਾਰੀ ਸਮੱਸਿਆ ਨੂੰ ਬੜੇ ਚੰਗੇ ਢੰਗ ਨਾਲ ਹੁਣ ਨਜਿੱਠ ਲੈਣਗੇ।
ਜੋਨਪੁਰ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਸ. ਸੁਰਿੰਦਰ ਸਿੰਘ ਜੀ ਵੀ ਬਹੁਤ ਸੂਝਵਾਨ ਅਤੇ ਸੁਲਝੇ ਹੋਏ ਗੁਰਮੁਖ ਹਨ। ਉਹ ਵੀ ਹੁਣ ਇਸ ਸਥਾਨ ਤੇ ਗੁਰਮਤਿ ਸਥਾਪਕਤਾ ਲਈ ਆਪਣਾ ਧਿਆਨ ਕੇਂਦਰਤ ਕਰ ਚੁਕੇ ਹਨ।
ਮੁੱਢਲੀ ਇੰਕਵਾਇਰੀ ਵਿੱਚ ਪ੍ਰਸ਼ਾਸਨ ਨੂੰ ਵੀ ਸਮਝ ਆ ਚੁਕੀ ਹੈ ਕਿ ਇਹ ਸਥਾਨ ਗੁਰਦੁਆਰਾ ਹੀ ਹੈ ਅਤੇ ਜ਼ਮੀਨ ਦੀ ਰਜਿਸਟਰੀ ਵੀ ਗੁਰਦੁਆਰਾ ਸਾਹਿਬ ਜੀ ਦੇ ਹੀ ਨਾਮ ਤੇ ਹੈ।
ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਆਪਣੀ ਸਿੱਖੀ ਸੇਵਕੀ ਦੀ ਆਪ ਸੰਭਾਲ ਕਰਨਗੇ ਇਹ ਮੇਰਾ ਦ੍ਰਿੜ ਨਿਸ਼ਚਾ ਹੈ।
ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ਸਾਬਕਾ ਐਮ.ਪੀ.
ਜਪੁ-ਘਰ, ਭਾਦਸੋਂ ਰੋਡ ਸਾਹਮਣੇ ਬਸ ਅੱਡਾ ਜੱਸੋਵਾਲ,
ਡਾਕਘਰ ਸਿੱਧੂਵਾਲ ਪਟਿਆਲਾ (ਪੰ)
|
|
Clock
Bookmark Us
Polls
|